ਨਿਊਜ਼ ਡੈਸਕ: ਕੈਥੋਲਿਕਾਂ ਦੇ ਸਰਵਉੱਚ ਧਾਰਮਿਕ ਆਗੂ ਪੋਪ ਲੀਓ XIV ਦੇ ਫੇਫੜੇ ਵਿੱਚ ਮਿਲੀ ਇੱਕ ਗੰਢ ਨੂੰ ਸਰਜਰੀ ਰਾਹੀਂ ਸਫਲਤਾਪੂਰਵਕ ਕੱਢ ਦਿੱਤਾ ਗਿਆ ਹੈ। ਵੈਟੀਕਨ ਅਨੁਸਾਰ, ਇਹ ਅਪਰੇਸ਼ਨ ਮੰਗਲਵਾਰ ਨੂੰ ਰੋਮ ਦੇ ਜੇਮੇਲੀ ਯੂਨੀਵਰਸਿਟੀ ਹਸਪਤਾਲ ਵਿੱਚ ਯੋਜਨਾ ਅਨੁਸਾਰ ਨੇਪਰੇ ਚੜ੍ਹਿਆ। 71 ਸਾਲਾ ਪੋਪ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ ਅਤੇ ਸਿਹਤਯਾਬ ਹੋ ਰਹੇ ਹਨ। 20 ਅਕਤੂਬਰ ਤੱਕ ਉਨ੍ਹਾਂ ਦੇ ਸਾਰੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।
ਅਮਰੀਕਾ ਵਿੱਚ ਜਨਮੇ ਪਹਿਲੇ ਪੋਪ, ਪੋਪ ਲੀਓ ਨੇ ਐਤਵਾਰ ਨੂੰ ਦੱਸਿਆ ਕਿ ਸਿਹਤ ਦੀ ਨਿਯਮਤ ਜਾਂਚ ਦੌਰਾਨ ਉਨ੍ਹਾਂ ਦੇ ਫੇਫੜੇ ਵਿੱਚ ਇੱਕ ਗੰਢ (ਨੋਡਿਊਲ) ਦਾ ਪਤਾ ਲੱਗਾ ਸੀ। ਡਾਕਟਰਾਂ ਨੇ ਇਸ ਨੂੰ ਕੱਢਣ ਦੀ ਸਲਾਹ ਦਿੱਤੀ ਸੀ। ਪੋਪ ਅਨੁਸਾਰ, ਇਸ ਗੰਢ ਦਾ ਪਤਾ ਸ਼ੁਰੂਆਤੀ ਪੜਾਅ ‘ਤੇ ਹੀ ਲੱਗ ਗਿਆ ਸੀ ਅਤੇ ਇਹ ਸਰੀਰ ਦੇ ਇੱਕ ਖਾਸ ਹਿੱਸੇ ਤੱਕ ਹੀ ਸੀਮਤ ਸੀ। ਹਾਲਾਂਕਿ, ਵੈਟੀਕਨ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਇਹ ਗੰਢ ਕੈਂਸਰ ਵਾਲੀ ਸੀ ਜਾਂ ਨਹੀਂ।
ਰਿਪੋਰਟ ਅਨੁਸਾਰ, ਫੇਫੜਿਆਂ ਦੀਆਂ ਗੰਢਾਂ ਨੂੰ ਹਟਾਉਣ ਲਈ ਅਜਿਹੇ ਆਪ੍ਰੇਸ਼ਨ ਆਮ ਤੌਰ ‘ਤੇ ‘ਮਿਨੀਮਲੀ ਇਨਵੇਸਿਵ’ (ਘੱਟ ਚੀਰ-ਫਾੜ ਵਾਲੇ) ਤਰੀਕਿਆਂ ਨਾਲ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਜਟਿਲਤਾਵਾਂ ਦਾ ਖਤਰਾ ਘੱਟ ਹੁੰਦਾ ਹੈ। ਫੇਫੜਿਆਂ ਦੇ ਰੋਗਾਂ ਦੇ ਮਾਹਰ ਡਾ. ਮੈਥਿਊ ਟ੍ਰਿਪਲੈਟ ਨੇ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਆਮ ਤੌਰ ‘ਤੇ ਕੁਝ ਦਿਨ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ, ਜਿਸ ਤੋਂ ਬਾਅਦ ਉਹ ਘਰ ਵਿੱਚ ਸਿਹਤਯਾਬ ਹੋ ਸਕਦੇ ਹਨ।
ਵੈਟੀਕਨ ਦੇ ਇੱਕ ਬੁਲਾਰੇ ਅਨੁਸਾਰ, ਸਰਜਰੀ ਤੋਂ ਬਾਅਦ ਪੋਪ ਨੂੰ ਲਗਭਗ ਇੱਕ ਹਫ਼ਤੇ ਦੇ ਆਰਾਮ ਦੀ ਲੋੜ ਪੈ ਸਕਦੀ ਹੈ। ਇਸ ਦੌਰਾਨ, ਵੈਟੀਕਨ ਦੇ ਰੋਜ਼ਾਨਾ ਦੇ ਕੰਮ-ਕਾਜ ਆਮ ਵਾਂਗ ਜਾਰੀ ਰਹਿਣਗੇ। ਹਾਲਾਂਕਿ, ਜਿਨ੍ਹਾਂ ਮਾਮਲਿਆਂ ਵਿੱਚ ਪੋਪ ਦੇ ਦਸਤਖਤਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਬਾਰੇ ਫੈਸਲੇ ਉਨ੍ਹਾਂ ਦੇ ਸਿਹਤਯਾਬ ਹੋਣ ਤੱਕ ਮੁਲਤਵੀ ਕੀਤੇ ਜਾ ਸਕਦੇ ਹਨ।
ਵੈਟੀਕਨ ਦੇ ਸਟੇਟ ਸਕੱਤਰ ਕਾਰਡੀਨਲ ਪਿਏਤਰੋ ਪੈਰੋਲਿਨ ਨੇ ਪੋਪ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੰਢ ਦਾ ਸਮੇਂ ਸਿਰ ਪਤਾ ਲੱਗਣਾ ਰਾਹਤ ਦੀ ਗੱਲ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਮੇਂ ਸਿਰ ਇਲਾਜ ਨਾਲ ਸਮੱਸਿਆ ਦਾ ਹੱਲ ਹੋ ਸਕਦਾ ਹੈ। ਪੋਪ ਸੋਮਵਾਰ ਤੱਕ ਆਪਣੇ ਨਿਯਮਤ ਕਾਰਜਾਂ ਵਿੱਚ ਹਿੱਸਾ ਲੈਂਦੇ ਰਹੇ ਸਨ; ਉਹ ਇੱਕ ਸਰਗਰਮ ਜੀਵਨ ਸ਼ੈਲੀ ਬਤੀਤ ਕਰਦੇ ਹਨ ਅਤੇ ਉਨ੍ਹਾਂ ਨੂੰ ਟੈਨਿਸ ਖੇਡਣਾ ਤੇ ਤੈਰਾਕੀ ਕਰਨਾ ਪਸੰਦ ਹੈ।

