ਨਿਊਜ਼ ਡੈਸਕ: ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਤੋਂ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਤੇਲੰਗਾਨਾ ਭਾਜਪਾ ਆਗੂ ਮਾਧਵੀ ਲਤਾ ਨੂੰ ਜ਼ਿਲ੍ਹੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਇਹ ਹੁਕਮ ਬਾਗਲਕੋਟ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਸੰਗੱਪਾ ਵੱਲੋਂ ਜਾਰੀ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਮਾਧਵੀ ਲਤਾ ਨੂੰ ਬਾਗਲਕੋਟ ਵਿੱਚ ਹਿੰਦੂ ਮਹਾ ਗਣਪਤੀ ਵਿਸਰਜਨ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
ਉਪਲਬਧ ਜਾਣਕਾਰੀ ਅਨੁਸਾਰ, ਪੁਲਿਸ ਨੇ ਮਾਧਵੀ ਲਤਾ ਦੇ 23 ਸਤੰਬਰ 2026 ਤੋਂ 23 ਅਕਤੂਬਰ 2026 ਤੱਕ ਜ਼ਿਲ੍ਹੇ ਵਿੱਚ ਦਾਖਲ ਹੋਣ ਜਾਂ ਘੁੰਮਣ-ਫਿਰਨ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਡਿਪਟੀ ਕਮਿਸ਼ਨਰ (ਡੀ.ਸੀ.) ਸੰਗੱਪਾ ਵੱਲੋਂ ਜਾਰੀ ਕੀਤਾ ਗਿਆ। ਮਾਧਵੀ ਲਤਾ ਨੇ ਬਾਗਲਕੋਟ ਵਿਖੇ ਗਣੇਸ਼ ਵਿਸਰਜਨ ਸਮਾਗਮ ਵਿੱਚ ਬੁਲਾਰੇ ਵਜੋਂ ਸ਼ਾਮਲ ਹੋਣਾ ਸੀ। ਪੁਲਿਸ ਨੇ ਮਾਧਵੀ ਲਤਾ ਨੂੰ ਯਾਤਰਾ ਸਬੰਧੀ ਇਸ ਪਾਬੰਦੀ ਬਾਰੇ ਸੂਚਿਤ ਕਰਦਿਆਂ ਇੱਕ ਈਮੇਲ ਵੀ ਭੇਜੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਪੁਲਿਸ ਨੇ ਮਾਧਵੀ ਲਤਾ ਨੂੰ ਵੀ ਹਿਰਾਸਤ ਵਿੱਚ ਲਿਆ ਸੀ। ਰਿਪੋਰਟਾਂ ਅਨੁਸਾਰ, ਉਹ ਪਿੰਡ ਦੇ ਇੱਕ ਸਦੀ ਪੁਰਾਣੇ ਦੇਵਤੇ ਦੇ ਮੰਦਿਰ ਨੂੰ ਢਾਹੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀ ਸੀ।
ਰਿਪੋਰਟਾਂ ਅਨੁਸਾਰ, ਮਾਧਵੀ ਲਥਾ ਦਾ ਭੜਕਾਊ ਭਾਸ਼ਣ ਦੇਣ ਦਾ ਪੁਰਾਣਾ ਇਤਿਹਾਸ ਰਿਹਾ ਹੈ, ਜਿਸ ਕਾਰਨ ਪੁਲਿਸ ਨੂੰ ਖਦਸ਼ਾ ਸੀ ਕਿ ਜ਼ਿਲ੍ਹੇ ਵਿੱਚ ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਕਾਨੂੰਨ-ਵਿਵਸਥਾ ‘ਤੇ ਅਸਰ ਪੈ ਸਕਦਾ ਹੈ। ਇਸ ਦੇ ਮੱਦੇਨਜ਼ਰ, ਪੁਲਿਸ ਸੁਪਰਡੈਂਟ (ਐਸ.ਪੀ.) ਸਿਧਾਰਥ ਗੋਇਲ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਦੌਰੇ ‘ਤੇ ਪਾਬੰਦੀ ਲਗਾਉਣ ਦੀ ਸਿਫਾਰਸ਼ ਕੀਤੀ। ਬਾਗਲਕੋਟ ਦੇ ਐਸ.ਪੀ. ਸਿਧਾਰਥ ਗੋਇਲ ਦੇ ਇਸ ਪੱਤਰ ‘ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰ ਦਿੱਤਾ। ਇਸ ਪੱਤਰ ਵਿੱਚ ਮਾਧਵੀ ਲਥਾ ਵੱਲੋਂ ਵੱਖ-ਵੱਖ ਥਾਵਾਂ ‘ਤੇ ਦਿੱਤੇ ਗਏ ਭੜਕਾਊ ਭਾਸ਼ਣਾਂ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਵਿੱਚ ਇੱਕ ਅਜਿਹੀ ਘਟਨਾ ਵੀ ਸ਼ਾਮਲ ਸੀ ਜਿੱਥੇ ਉਸਨੇ ਇੱਕ ਮਸਜਿਦ ਵੱਲ ਤੀਰ ਚਲਾਉਣ ਦੀ ਨਕਲ ਕੀਤੀ ਸੀ। ਵੱਖ-ਵੱਖ ਥਾਣਿਆਂ ਵਿੱਚ ਉਸ ਵਿਰੁੱਧ ਦਰਜ ਐਫ.ਆਈ.ਆਰ. (FIRs) ਦਾ ਹਵਾਲਾ ਦਿੰਦਿਆਂ, ਪੁਲਿਸ ਸੁਪਰਡੈਂਟ (SP) ਨੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਐਸ.ਪੀ. ਦੇ ਪੱਤਰ ਤੋਂ ਬਾਅਦ, ਡਿਪਟੀ ਕਮਿਸ਼ਨਰ ਨੇ ਇੱਕ ਹੁਕਮ ਜਾਰੀ ਕੀਤਾ ਹੈ।

