ਲੰਦਨ: ਦੱਖਣ-ਪੱਛਮੀ ਲੰਦਨ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 17 ਸਾਲਾ ਸਿੱਖ ਨੌਜਵਾਨ ਰਣਬੀਰ ਸਿੰਘ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬ੍ਰਿਟਿਸ਼ ਪੁਲੀਸ ਨੇ ਘਟਨਾ ਸਮੇਂ ਮੌਜੂਦ ਲੋਕਾਂ ਨੂੰ ਅੱਗੇ ਆਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਪੁਲੀਸ ਮੁਤਾਬਕ ਸ਼ਨੀਵਾਰ ਤੜਕੇ ਸਾਊਥਹਾਲ ਇਲਾਕੇ ਵਿੱਚ ਇੱਕ ਫੋਰਡ ਮਸਤਾਂਗ ਨੇ ਰਣਬੀਰ ਸਿੰਘ ਨੂੰ ਟੱਕਰ ਮਾਰੀ। ਮੌਕੇ ’ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵੱਲੋਂ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ 17 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਡਰਾਈਵਰ ਗ੍ਰਿਫਤਾਰ, ਅਦਾਲਤ ’ਚ ਪੇਸ਼ੀ
ਮੈਟਰੋਪੋਲੀਟਨ ਪੁਲੀਸ ਨੇ ਲੰਦਨ ਐਂਬੂਲੈਂਸ ਸਰਵਿਸ ਅਤੇ ਲੰਦਨ ਫਾਇਰ ਬ੍ਰਿਗੇਡ ਦੀ ਮਦਦ ਨਾਲ ਵਾਹਨ ਦੇ 20 ਸਾਲਾ ਡਰਾਈਵਰ ਸੁਖਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ। ਉਸ ’ਤੇ ਗਲਤ ਢੰਗ ਨਾਲ ਡਰਾਈਵਿੰਗ ਕਰਨ, ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਅਤੇ ਬੀਮੇ ਤੋਂ ਬਿਨਾਂ ਵਾਹਨ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ।
ਸੁਖਵੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉਸ ਦੀ ਅਗਲੀ ਪੇਸ਼ੀ 19 ਅਕਤੂਬਰ ਨੂੰ ਓਲਡ ਬੇਲੀ ਕੋਰਟ ਵਿੱਚ ਹੋਵੇਗੀ।
ਪੁਲੀਸ ਨੇ ਦੱਸਿਆ ਕਿ ਰਣਬੀਰ ਸਿੰਘ ਦੇ ਪਰਿਵਾਰ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਲਗਾਤਾਰ ਸਹਾਇਤਾ ਦਿੱਤੀ ਜਾ ਰਹੀ ਹੈ।
ਹਾਦਸੇ ਵਿੱਚ ਇੱਕ ਹੋਰ 26 ਸਾਲਾ ਨੌਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲੀਸ ਹੁਣ ਹਾਦਸੇ ਤੋਂ ਪਹਿਲਾਂ ਦੇ ਹਾਲਾਤ ਅਤੇ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀਆਂ ਨੇ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਕੋਲ ਘਟਨਾ ਨਾਲ ਸਬੰਧਤ ਕੋਈ ਸੀਸੀਟੀਵੀ, ਡੋਰਬੈੱਲ ਕੈਮਰੇ ਦੀ ਫੁਟੇਜ, ਮੋਬਾਈਲ ਫੋਨ ਦੀ ਵੀਡੀਓ ਜਾਂ ਡੈਸ਼ਕੈਮ ਰਿਕਾਰਡਿੰਗ ਮੌਜੂਦ ਹੋ ਸਕਦੀ ਹੈ।
ਮੈਟਰੋਪੋਲੀਟਨ ਪੁਲੀਸ ਦੇ ਡਿਟੈਕਟਿਵ ਇੰਸਪੈਕਟਰ ਫਿਆਜ਼ ਜੰਜੂਆ ਨੇ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਕੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਜਾ ਚੁੱਕਾ ਹੈ, ਪਰ ਜਾਂਚ ਅਜੇ ਜਾਰੀ ਹੈ।
ਪੁਲੀਸ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਹਾਦਸਾ ਹੁੰਦਾ ਦੇਖਿਆ ਹੋਵੇ ਜਾਂ ਜਿਸ ਕੋਲ ਘਟਨਾ ਨਾਲ ਸਬੰਧਤ ਕੋਈ ਵੀਡੀਓ ਜਾਂ ਹੋਰ ਜਾਣਕਾਰੀ ਹੋਵੇ, ਉਹ ਜਾਂਚ ਟੀਮ ਨਾਲ ਸੰਪਰਕ ਕਰੇ।

