ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਵਿੱਚ ਐਤਵਾਰ ਨੂੰ ਪਰਵਾਸੀਆਂ, ਰਿਫਿਊਜੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਾਰੇ ਪਰਵਾਸੀਆਂ ਨੂੰ ਪੱਕੀ ਰਿਹਾਇਸ਼ (PR) ਦੇਣ, ਡਿਪੋਰਟੇਸ਼ਨ ਰੋਕਣ ਅਤੇ ਮਾਈਗ੍ਰੈਂਟ ਵਰਕਰਾਂ ਦੇ ਸ਼ੋਸ਼ਣ ਨੂੰ ਖਤਮ ਕਰਨ ਦੀ ਮੰਗ ਕੀਤੀ।
ਇਹ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਿਨ ਗਰੋਵ ਪਾਰਕ ਤੱਕ ਪਹੁੰਚਿਆ। ਟੋਰਾਂਟੋ ਪੁਲਿਸ ਮੁਤਾਬਕ ਇਸ ਵਿੱਚ ਲਗਭਗ 600 ਲੋਕ ਸ਼ਾਮਲ ਹੋਏ। ਇਸ ਹਫ਼ਤੇ ਦੇ ਅਖੀਰ ‘ਚ ਕੈਨੇਡਾ ਦੀਆਂ ਹੋਰ 11 ਥਾਵਾਂ ’ਤੇ ਵੀ ਇਸੇ ਤਰ੍ਹਾਂ ਦੀਆਂ ਰੈਲੀਆਂ ਕੀਤੀਆਂ ਗਈਆਂ।
ਪਰਵਾਸੀਆਂ ਦੀਆਂ ਮੰਗਾਂ
ਮਾਈਗ੍ਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ ਦੀ ਕੋਆਰਡੀਨੇਟਰ ਸਰੋਮ ਰੋਹ ਨੇ ਕਿਹਾ ਕਿ ਪਰਵਾਸੀਆਂ ਨੂੰ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਮਹਿੰਗੇ ਕਿਰਾਏ ਅਤੇ ਵਧਦੀ ਜੀਵਨ ਲਾਗਤ ਦੇ ਨਾਲ ਟੈਰਿਫ ਵੀ ਵਧ ਰਹੇ ਹਨ।
ਰੋਹ ਨੇ ਕਿਹਾ ਕਿ ਪਰਵਾਸੀ ਖੇਤੀਬਾੜੀ ਅਤੇ ਖੁਰਾਕ ਉਤਪਾਦਨ ਤੋਂ ਲੈ ਕੇ ਬੱਚਿਆਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਤੱਕ ਕਈ ਕੰਮ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਦੇ ਬਾਵਜੂਦ ਲੱਖਾਂ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਕਈ ਮਾਈਗ੍ਰੈਂਟ ਵਰਕਰ ਕੰਮ ਵਾਲੀਆਂ ਥਾਵਾਂ ’ਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ।
ਇਹ ਪ੍ਰਦਰਸ਼ਨ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਹੋ ਰਹੀਆਂ ਤਬਦੀਲੀਆਂ ਵਿਚਕਾਰ ਹੋਇਆ ਹੈ। ਲਗਭਗ ਇੱਕ ਸਾਲ ਪਹਿਲਾਂ ਲਿਬਰਲ ਸਰਕਾਰ ਨੇ ਬਿੱਲ C-12 ਪੇਸ਼ ਕੀਤਾ ਸੀ, ਜਿਸ ਵਿੱਚ ਇਮੀਗ੍ਰੇਸ਼ਨ ਅਤੇ ਰਿਫਿਊਜੀ ਸਿਸਟਮ ਨੂੰ ਹੋਰ ਸਖ਼ਤ ਕਰਨ ਨਾਲ ਜੁੜੇ ਕਦਮ ਸ਼ਾਮਲ ਸਨ। ਇਸ ਤੋਂ ਪਹਿਲਾਂ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਵੀ ਸੀਮਾ ਲਗਾਈ ਸੀ।
PR ਦੀ ਉਡੀਕ ਕਰ ਰਹੇ ਲੋਕਾਂ ਦੀਆਂ ਮੁਸ਼ਕਲਾਂ
ਭਾਰਤ ਤੋਂ 2019 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਏ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਪੜ੍ਹਾਈ ਤੋਂ ਬਾਅਦ PR ਮਿਲ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਮੁਤਾਬਕ ਬਿਨਾਂ ਪੱਕੇ ਸਟੇਟਸ ਦੇ ਲੋਕਾਂ ਦੇ ਸ਼ੋਸ਼ਣ ਦਾ ਖਤਰਾ ਵਧ ਜਾਂਦਾ ਹੈ । ਉਹ ਇਸ ਸਮੇਂ ਕਲੋਜ਼ਡ ਵਰਕ ਪਰਮਿਟ ਲਈ ਅਰਜ਼ੀ ਦੇ ਰਹੇ ਹਨ ਅਤੇ ਉਨ੍ਹਾਂ ਮੁਤਾਬਕ PR ਲਈ ਕੋਈ ਸਪੱਸ਼ਟ ਰਸਤਾ ਨਾ ਹੋਣ ਕਾਰਨ ਭਵਿੱਖ ਦੀ ਯੋਜਨਾ ਬਣਾਉਣਾ ਮੁਸ਼ਕਲ ਹੈ।
ਕੈਨੇਡਾ ਸਰਕਾਰ ਤੋਂ ਇਸ ਮਾਮਲੇ ’ਤੇ ਟਿੱਪਣੀ ਮੰਗੀ ਗਈ ਹੈ। 2024 ਦੀ ਇਮੀਗ੍ਰੇਸ਼ਨ ਯੋਜਨਾ ਵਿੱਚ ਸਰਕਾਰ ਨੇ ਪੱਕੇ ਨਿਵਾਸੀਆਂ ਦੇ ਟੀਚੇ ਘਟਾਏ ਸਨ। ਸਰਕਾਰ ਨੇ ਇਸ ਦਾ ਕਾਰਨ ਥੋੜ੍ਹੇ ਸਮੇਂ ਵਿੱਚ ਆਬਾਦੀ ਦੇ ਵਾਧੇ ਨੂੰ ਸੰਤੁਲਿਤ ਕਰਨਾ ਅਤੇ ਲੰਬੇ ਸਮੇਂ ਵਿੱਚ ਟਿਕਾਊ ਆਰਥਿਕ ਵਿਕਾਸ ਯਕੀਨੀ ਬਣਾਉਣਾ ਦੱਸਿਆ ਸੀ।

