ਨਿਊਜ਼ ਡੈਸਕ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਅਲੇਵਾ ਪਿੰਡ ਦੇ ਰਹਿਣ ਵਾਲੇ ਹਿਮਾਂਸ਼ੂ ਢਿੱਲੋਂ ਨੇ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਦੋ ਚਾਂਦੀ ਦੇ ਤਗ਼ਮੇ ਜਿੱਤੇ ਹਨ। ਉਸਨੇ ਇਹ ਸ਼ਾਨਦਾਰ ਸਫਲਤਾ 10 ਮੀਟਰ ਏਅਰ ਰਾਈਫਲ ਟੀਮ ਅਤੇ ਵਿਅਕਤੀਗਤ ਮੁਕਾਬਲਿਆਂ, ਦੋਵਾਂ ਵਿੱਚ ਹਾਸਿਲ ਕੀਤੀ। ਇਸ ਦੋਹਰੀ ਪ੍ਰਾਪਤੀ ਨੇ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਭਾਰਤੀ ਖੇਡ ਜਗਤ ਵਿੱਚ ਉਸਦਾ ਨਾਂ ਰੌਸ਼ਨ ਕੀਤਾ ਹੈ।
ਹਿਮਾਂਸ਼ੂ ਢਿੱਲੋਂ ਨੇ ਆਪਣੀ ਬੇਮਿਸਾਲ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਉਸਨੇ ਸਭ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਤੋਂ ਬਾਅਦ, ਉਸਨੇ ਆਪਣੀ ਇਕਾਗਰਤਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਮੁਕਾਬਲੇ ਵਿੱਚ ਦੂਜਾ ਚਾਂਦੀ ਦਾ ਤਗਮਾ ਹਾਸਿਲ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਸ ਨੂੰ ਇਸ ਦੋਹਰੀ ਸਫਲਤਾ ‘ਤੇ ਦਿਲੋਂ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਹਿਮਾਂਸ਼ੂ ਦੀ ਇਸ ਪ੍ਰਾਪਤੀ ‘ਤੇ ਮਾਣ ਹੈ ਅਤੇ ਇਹ ਜਿੱਤ ਭਾਰਤੀ ਖੇਡਾਂ ਲਈ ਇੱਕ ਅਹਿਮ ਪਲ ਹੈ।

