ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਆਰੀਅਨ ਮਿਸ਼ਰਾ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ ਤੇ ਇਸ ਮਾਮਲੇ ‘ਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਹੋਇਆ ਹੈ। ਅਸਲ ‘ਚ 23 ਅਗਸਤ ਦੀ ਰਾਤ ਨੂੰ 12ਵੀਂ ਜਮਾਤ ‘ਚ ਪੜ੍ਹਦੇ ਆਰੀਅਨ ਨੂੰ ਕਥਿਤ ਗਊ ਰੱਖਿਅਕਾਂ ਨੇ ਗਊ ਤਸਕਰ ਸਮਝ ਕੇ ਗੋਲੀ ਮਾਰ ਦਿੱਤੀ ਸੀ।
ਹਰਿਆਣਾ ਦੇ ਫਰੀਦਾਬਾਦ ‘ਚ 23 ਅਗਸਤ ਦੀ ਰਾਤ ਕਰੀਬ 12 ਵਜੇ ਆਰੀਅਨ ਮਿਸ਼ਰਾ ਆਪਣੇ ਦੋ ਦੋਸਤਾਂ ਹਰਸ਼ਿਤ ਅਤੇ ਸ਼ੈਂਕੀ ਨਾਲ ਡਸਟਰ ਕਾਰ ‘ਚ ਮੈਗੀ ਖਾਣ ਗਿਆ ਸੀ। ਦੂਜੇ ਪਾਸੇ ਕਥਿਤ ਗਊ ਰੱਖਿਅਕਾਂ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਸ਼ਹਿਰ ਦੇ ਕੁਝ ਗਊ ਤਸਕਰ ਡਸਟਰ ਅਤੇ ਫਾਰਚੂਨਰ ‘ਚ ਸ਼ਹਿਰ ‘ਚ ਰੇਕੀ ਕਰ ਰਹੇ ਹਨ ਤੇ ਆਪਣੇ ਸਾਥੀਆਂ ਨੂੰ ਬੁਲਾ ਕੇ ਟੈਂਕਰਾਂ ‘ਚ ਗਊਆਂ ਨੂੰ ਲਿਜਾ ਰਹੇ ਹਨ।
ਇਸ ਦੌਰਾਨ ਫਰੀਦਾਬਾਦ ਦੇ ਪਟੇਲ ਚੌਕ ‘ਤੇ ਕਥਿਤ ਗਊ ਰੱਖਿਅਕਾਂ ਨੇ ਇੱਕ ਡਸਟਰ ਕਾਰ ਦੇਖੀ। ਉਨ੍ਹਾਂ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਆਰੀਅਨ ਅਤੇ ਉਸਦੇ ਦੋਸਤਾਂ ਨੇ ਸੋਚਿਆ ਕਿ ਇਹ ਲੋਕ ਉਹ ਗੁੰਡੇ ਹਨ ਜਿਨ੍ਹਾਂ ਨਾਲ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਦੋਸਤ ਸ਼ੈਂਕੀ ਦੀ ਲੜਾਈ ਹੋਈ ਸੀ। ਹਰਸ਼ਿਤ ਕਾਰ ਚਲਾ ਰਿਹਾ ਸੀ, ਉਸਨੇ ਕਾਰ ਨਹੀਂ ਰੋਕੀ ਤੇ ਭਜਾਉਣ ਲੱਗਾ। ਸਵਿਫਟ ਸਵਾਰ ਗਊ ਰੱਖਿਅਕ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਕਰੀਬ 25 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਨੇ ਗੋਲੀ ਚਲਾ ਦਿੱਤੀ ਤੇ ਆਰੀਅਨ ਨੂੰ ਗੋਲੀ ਲੱਗ ਗਈ। ਗੋਲੀ ਚੱਲਦੇ ਹੀ ਹਰਸ਼ਿਤ ਨੇ ਕਾਰ ਰੋਕੀ ਤਾਂ ਗਊ ਰੱਖਿਅਕ ਆ ਗਏ ਅਤੇ ਇੱਕ ਹੋਰ ਗੋਲੀ ਆਰੀਅਨ ਦੀ ਛਾਤੀ ਵਿੱਚ ਮਾਰ ਦਿੱਤੀ ਅਤੇ ਉਸ ਦੀ ਉੱਥੇ ਹੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।