ਨਿਊਜ਼ ਡੈਸਕ: ਹੈਦਰਾਬਾਦ ਵਿੱਚ ਹਫੀਜ਼ਪੇਟ ਰੇਲਵੇ ਸਟੇਸ਼ਨ ’ਤੇ ਤਾਇਨਾਤ ਇੱਕ ਹੋਮਗਾਰਡ ਵੱਲੋਂ ਇੱਕ ਮਹਿਲਾ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਹੋਮਗਾਰਡ ਮਹਿਲਾ ਨੂੰ ਵਾਲਾਂ ਤੋਂ ਫੜ ਕੇ ਘਸੀਟਦਾ ਅਤੇ ਉਸ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਇਸ ਵਿਹਾਰ ਦੀ ਸੋਸ਼ਲ ਮੀਡੀਆ ’ਤੇ ਆਲੋਚਨਾ ਹੋ ਰਹੀ ਹੈ।
ਮਾਮਲੇ ਨੂੰ ਲੈ ਕੇ BRS ਆਗੂ ਕੇਟੀ ਰਾਮਾਰਾਓ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਉੱਥੇ ਹੀ ਮਿਆਪੁਰ ਪੁਲਿਸ ਮੁਤਾਬਕ ਮਹਿਲਾ ਕਬਾੜ ਇਕੱਠਾ ਕਰਨ ਦਾ ਕੰਮ ਕਰਦੀ ਸੀ ਅਤੇ ਉਸ ਨੇ ਕਥਿਤ ਤੌਰ ’ਤੇ ਹੋਮਗਾਰਡ ਨੂੰ ਗਾਲ੍ਹਾਂ ਕੱਢੀਆਂ ਸਨ, ਜਿਸ ਤੋਂ ਬਾਅਦ ਹੋਮਗਾਰਡ ਨੇ ਉਸ ’ਤੇ ਹਮਲਾ ਕੀਤਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਮਾਮਲਾ
ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਸ਼ੁਰੂਆਤ ਵਿੱਚ ਇਹ ਸ਼ੱਕ ਜਤਾਇਆ ਗਿਆ ਸੀ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦਾ ਕਾਂਸਟੇਬਲ ਹੈ।
ਹਾਲਾਂਕਿ, ਸਿਕੰਦਰਾਬਾਦ ਸੈਂਟਰਲ ਰੇਲਵੇ ਨੇ X ’ਤੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਸਬੰਧਤ ਵਿਅਕਤੀ RPF ਕਾਂਸਟੇਬਲ ਨਹੀਂ, ਸਗੋਂ ਤੇਲੰਗਾਨਾ ਸਟੇਟ ਪੁਲਿਸ ਦਾ ਹੋਮਗਾਰਡ ਹੈ, ਜਿਸ ਦੀ ਡਿਊਟੀ ਹਫੀਜ਼ਪੇਟ ਰੇਲਵੇ ਸਟੇਸ਼ਨ ’ਤੇ ਲਗਾਈ ਗਈ ਸੀ।
ਹੋਮਗਾਰਡ ਨੂੰ ਨੌਕਰੀ ਤੋਂ ਹਟਾਇਆ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਸਾਈਬਰਾਬਾਦ ਪੁਲਿਸ ਮੁਤਾਬਕ ਦੋਸ਼ੀ ਹੋਮਗਾਰਡ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪੁਲਿਸ ਮੁਤਾਬਕ ਪੇਸ਼ੇਵਰ ਵਿਹਾਰ, ਅਨੁਸ਼ਾਸਨ, ਮਰਿਆਦਾ ਅਤੇ ਹਰ ਨਾਗਰਿਕ ਦਾ ਸਨਮਾਨ ਪੁਲਿਸਿੰਗ ਦੇ ਬੁਨਿਆਦੀ ਸਿਧਾਂਤ ਹਨ।
ਲੋਕ ਮਹਿਲਾ ਨੂੰ ਛੱਡਣ ਦੀ ਕਰਦੇ ਰਹੇ ਅਪੀਲ
ਵਾਇਰਲ ਵੀਡੀਓ ਵਿੱਚ ਹੋਮਗਾਰਡ ਨੂੰ ਮਹਿਲਾ ਦੇ ਵਾਲ ਖਿੱਚਦੇ ਹੋਏ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਕਿ ਉਸ ਨੇ ਕੀ ਕਿਹਾ ਅਤੇ ਕਿਹੜੀ ਗਾਲ੍ਹ ਕੱਢੀ। ਇਸ ਦੌਰਾਨ ਮੌਕੇ ’ਤੇ ਮੌਜੂਦ ਕੁਝ ਲੋਕ ਹੋਮਗਾਰਡ ਨੂੰ ਮਹਿਲਾ ਨੂੰ ਛੱਡਣ ਦੀ ਅਪੀਲ ਕਰਦੇ ਵੀ ਸੁਣਾਈ ਦਿੰਦੇ ਹਨ।
ਸਿਕੰਦਰਾਬਾਦ ਸੈਂਟਰਲ ਰੇਲਵੇ ਵੱਲੋਂ ਪਹਿਲਾਂ ਦਿੱਤੀ ਜਾਣਕਾਰੀ ਮੁਤਾਬਕ ਘਟਨਾ ਦੀ ਜਾਂਚ ਕੀਤੀ ਗਈ ਅਤੇ ਸਬੰਧਤ ਕਰਮਚਾਰੀ ਦੀ ਪਛਾਣ ਤੇਲੰਗਾਨਾ ਸਟੇਟ ਪੁਲਿਸ ਦੇ ਹੋਮਗਾਰਡ ਵਜੋਂ ਹੋਈ। ਇਸ ਤੋਂ ਬਾਅਦ ਉਸ ਨੂੰ ਲੋੜੀਂਦੀ ਅਨੁਸ਼ਾਸਨਾਤਮਕ ਕਾਰਵਾਈ ਲਈ ਤੇਲੰਗਾਨਾ ਪੁਲਿਸ ਵਿਭਾਗ ਕੋਲ ਵਾਪਸ ਭੇਜਿਆ ਗਿਆ।
KTR ਨੇ ਪੁਲਿਸ ਦੇ ਵਿਹਾਰ ’ਤੇ ਚੁੱਕੇ ਸਵਾਲ
BRS ਆਗੂ ਕੇਟੀ ਰਾਮਾਰਾਓ ਨੇ ਇਸ ਘਟਨਾ ’ਤੇ ਇਤਰਾਜ਼ ਜਤਾਉਂਦਿਆਂ ਪੁਲਿਸ ਦੇ ਵਿਹਾਰ ’ਤੇ ਸਵਾਲ ਚੁੱਕੇ। KTR ਨੇ ਦੋਸ਼ ਲਾਇਆ ਕਿ ਜਦੋਂ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂਆਂ ਦੇ ਬੱਚਿਆਂ ਖ਼ਿਲਾਫ਼ ਕਾਰਵਾਈ ਦੀ ਗੱਲ ਆਉਂਦੀ ਹੈ ਤਾਂ ਹੈਦਰਾਬਾਦ ਪੁਲਿਸ ਚੁੱਪ ਰਹਿੰਦੀ ਹੈ, ਪਰ ਇੱਕ ਗਰੀਬ ਮਹਿਲਾ ਨਾਲ ਜਨਤਕ ਤੌਰ ’ਤੇ ਸਖ਼ਤ ਅਤੇ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਜਾਂਦੀ ਹੈ।
ਮਾਮਲੇ ਵਿੱਚ ਹੋਮਗਾਰਡ ਖ਼ਿਲਾਫ਼ ਪੁਲਿਸ ਕਾਰਵਾਈ ਜਾਰੀ ਹੈ।

