iPhone 18 Pro ਤੇ Pro Max ਲਾਂਚ, ਐਪਲ ਨੇ ਪਹਿਲਾ ਫੋਲਡੇਬਲ iPhone ਵੀ ਉਤਾਰਿਆ, ਜਾਣੋ ਕਦੋਂ ਤੋਂ ਵਿਕਰੀ ਹੋਵੇਗੀ ਸ਼ੁਰੂ

Global Team
5 Min Read

ਨਿਊਜ਼ ਡੈਸਕ: ਐਪਲ ਨੇ ਆਪਣੇ ਨਵੇਂ ਪ੍ਰੀਮੀਅਮ ਸਮਾਰਟਫੋਨ iPhone 18 Pro ਅਤੇ iPhone 18 Pro Max ਬਾਜ਼ਾਰ ਵਿੱਚ ਉਤਾਰ ਦਿੱਤੇ ਹਨ। ਕੰਪਨੀ ਨੇ ਇਨ੍ਹਾਂ ਮਾਡਲਾਂ ਵਿੱਚ ਤੇਜ਼ ਪ੍ਰੋਸੈਸਰ, ਨਵੀਂ AI ਸਮਰੱਥਾ, ਅਪਗ੍ਰੇਡ ਕੈਮਰਾ ਅਤੇ ਤੇਜ਼ ਚਾਰਜਿੰਗ ਵਰਗੇ ਕਈ ਵੱਡੇ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਐਪਲ ਨੇ ਸਾਲਾਂ ਦੀ ਉਡੀਕ ਤੋਂ ਬਾਅਦ ਆਪਣਾ ਪਹਿਲਾ ਫੋਲਡੇਬਲ ਆਈਫੋਨ ਵੀ ਪੇਸ਼ ਕੀਤਾ ਹੈ, ਜਿਸ ਨੂੰ Duo ਨਾਮ ਦਿੱਤਾ ਗਿਆ ਹੈ। ਨਵੇਂ ਪ੍ਰੋ ਮਾਡਲ ਚਾਰ ਰੰਗਾਂ ਵਿੱਚ ਉਪਲਬਧ ਹੋਣਗੇ, ਜਦਕਿ ਭਾਰਤ ਸਮੇਤ 65 ਤੋਂ ਵੱਧ ਦੇਸ਼ਾਂ ਵਿੱਚ ਇਨ੍ਹਾਂ ਦੀ ਪ੍ਰੀ-ਬੁਕਿੰਗ 12 ਸਤੰਬਰ ਤੋਂ ਸ਼ੁਰੂ ਹੋਵੇਗੀ।

ਪਹਿਲਾ ਫੋਲਡੇਬਲ ਆਈਫੋਨ Duo

ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਹੋਏ ਸਾਲਾਨਾ ਇਵੈਂਟ ਦੌਰਾਨ ਐਪਲ ਨੇ 1,999 ਡਾਲਰ ਦੀ ਸ਼ੁਰੂਆਤੀ ਕੀਮਤ ਵਾਲਾ ਆਪਣਾ ਪਹਿਲਾ ਫੋਲਡੇਬਲ ਫੋਨ Duo ਲਾਂਚ ਕੀਤਾ। ਇਸ ਦਾ ਡਿਜ਼ਾਈਨ ਪਾਸਪੋਰਟ ਵਰਗਾ ਰੱਖਿਆ ਗਿਆ ਹੈ ਅਤੇ ਕਿਨਾਰੇ ਗੋਲ ਹਨ। ਫੋਨ ਨੂੰ ਖੋਲ੍ਹਣ ‘ਤੇ 7.6 ਇੰਚ ਦੀ ਵੱਡੀ ਸਕ੍ਰੀਨ ਮਿਲਦੀ ਹੈ, ਜਦਕਿ ਬੰਦ ਹਾਲਤ ਵਿੱਚ ਬਾਹਰ ਇੱਕ ਛੋਟੀ ਸਿੰਗਲ ਸਕ੍ਰੀਨ ਰਹਿੰਦੀ ਹੈ। ਕੰਪਨੀ ਮੁਤਾਬਕ ਖੁੱਲ੍ਹਣ ਤੋਂ ਬਾਅਦ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ।

ਫੋਲਡੇਬਲ ਫੋਨ ਵਿੱਚ ਐਪਲ ਦੀ A20 ਚਿਪ ਦਿੱਤੀ ਗਈ ਹੈ। ਇਸ ਵਿੱਚ 5.5 ਇੰਚ ਦੀ ਕਵਰ ਸਕ੍ਰੀਨ ਅਤੇ 7.6 ਤੋਂ 7.8 ਇੰਚ ਤੱਕ ਦੀ ਅੰਦਰੂਨੀ ਫੋਲਡੇਬਲ ਸਕ੍ਰੀਨ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪੂਰੀ ਤਰ੍ਹਾਂ ਖੁੱਲ੍ਹਣ ‘ਤੇ ਇਸ ਦੀ ਮੋਟਾਈ ਸਿਰਫ਼ 4.5mm ਰਹੇਗੀ। ਲੰਬੇ ਬੈਕਅਪ ਲਈ 5000mAh ਜਾਂ ਇਸ ਤੋਂ ਵੱਡੀ ਬੈਟਰੀ ਅਤੇ Face ID ਦੀ ਥਾਂ Touch ID ਮਿਲਣ ਦੀ ਗੱਲ ਕਹੀ ਗਈ ਹੈ। ਇਸ ਦੀ ਕੀਮਤ ਲਗਪਗ 2.20 ਲੱਖ ਤੋਂ 2.36 ਲੱਖ ਰੁਪਏ ਤੱਕ ਹੋ ਸਕਦੀ ਹੈ ਅਤੇ ਵੱਧ ਸਟੋਰੇਜ ਵਾਲਾ ਮਾਡਲ 3 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ।

iPhone 18 Pro ਵਿੱਚ ਨਵਾਂ A20 Pro ਪ੍ਰੋਸੈਸਰ

iPhone 18 Pro ਅਤੇ Pro Max ਵਿੱਚ ਸੁਪਰਫਾਸਟ A20 Pro ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਨਾਲ ਫੋਨ ਦੀ ਸਪੀਡ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। Siri ਨੂੰ ਵੀ ਨਵੀਂ AI ਤਕਨੀਕ ਨਾਲ ਅਪਗ੍ਰੇਡ ਕੀਤਾ ਗਿਆ ਹੈ, ਜਿਸ ਵਿੱਚ ਆਨ-ਡਿਵਾਈਸ ਡਿਕਟੇਸ਼ਨ ਦੀ ਸਮਰੱਥਾ ਬਿਹਤਰ ਕੀਤੀ ਗਈ ਹੈ। ਐਪਲ ਮੁਤਾਬਕ ਨਵਾਂ Siri ਲਾਂਚ ਦੇ ਸਮੇਂ ਹੀ 3 ਲੱਖ ਤੋਂ ਵੱਧ ਐਪਸ ਨਾਲ ਕੰਮ ਕਰਨ ਦੇ ਯੋਗ ਹੋਵੇਗਾ।

ਕੈਮਰਾ ਸੈਟਅਪ ਵਿੱਚ ਨਵਾਂ 48 ਮੈਗਾਪਿਕਸਲ ਮੁੱਖ ਕੈਮਰਾ ਦਿੱਤਾ ਗਿਆ ਹੈ। Pro Max ਦੇ ਮੇਨ ਕੈਮਰੇ ਵਿੱਚ DSLR ਵਰਗਾ ਵੇਰੀਏਬਲ ਅਪਰਚਰ ਮਿਲ ਸਕਦਾ ਹੈ, ਜਿਸ ਨਾਲ ਘੱਟ ਰੋਸ਼ਨੀ ਵਿੱਚ ਫੋਟੋਗ੍ਰਾਫੀ ਅਤੇ ਡੈਪਥ ਕੰਟਰੋਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਨਵੇਂ ਮਾਡਲ ਸਿਲਵਰ, ਮੈਟ ਬਲੈਕ, ਲਾਈਟ ਬਲਿਊ ਅਤੇ ਚੈਰੀ ਰੰਗਾਂ ਵਿੱਚ ਆਉਣਗੇ।

ਬੈਟਰੀ ਅਤੇ ਫਾਸਟ ਚਾਰਜਿੰਗ ਵਿੱਚ ਵੱਡਾ ਅਪਡੇਟ

ਐਪਲ ਦਾ ਦਾਅਵਾ ਹੈ ਕਿ ਆਮ ਵਰਤੋਂ ਵਿੱਚ iPhone 18 Pro 24 ਘੰਟੇ ਅਤੇ Pro Max 30 ਘੰਟੇ ਤੱਕ ਚੱਲ ਸਕਦਾ ਹੈ। ਵੀਡੀਓ ਪਲੇਅਬੈਕ ਵਿੱਚ ਇਹ ਸਮਾਂ ਕ੍ਰਮਵਾਰ 36 ਅਤੇ 45 ਘੰਟਿਆਂ ਤੱਕ ਹੋਵੇਗਾ। ਨਵੀਂ ਫਾਸਟ ਚਾਰਜਿੰਗ ਤਕਨੀਕ ਨਾਲ ਫੋਨ ਸਿਰਫ਼ 15 ਮਿੰਟਾਂ ਵਿੱਚ 50 ਫ਼ੀਸਦੀ ਤੱਕ ਚਾਰਜ ਹੋ ਸਕਦਾ ਹੈ। 5 ਮਿੰਟ ਦੀ ਚਾਰਜਿੰਗ ਤੋਂ ਬਾਅਦ ਵੀ 6 ਘੰਟਿਆਂ ਤੱਕ ਵੀਡੀਓ ਪਲੇਅਬੈਕ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

AirPods ਵੀ ਕੀਤੇ ਗਏ ਪੇਸ਼

ਇਸੇ ਇਵੈਂਟ ਵਿੱਚ ਐਪਲ ਨੇ ਬਜਟ ਰੇਂਜ ਦੇ ਨਵੇਂ AirPods ਵੀ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ Active Noise Cancellation ਦੀ ਸਹੂਲਤ ਦਿੱਤੀ ਗਈ ਹੈ ਅਤੇ ਇਨ੍ਹਾਂ ਦੀ ਸ਼ੁਰੂਆਤੀ ਕੀਮਤ 129 ਡਾਲਰ ਰੱਖੀ ਗਈ ਹੈ।

ਭਾਰਤ ਵਿੱਚ ਐਪਲ ਦਾ ਕਾਰੋਬਾਰ ਮਜ਼ਬੂਤ

ਭਾਰਤ ਵਿੱਚ ਐਪਲ ਦੀ ਵਿਕਰੀ ਲਗਾਤਾਰ ਵਧ ਰਹੀ ਹੈ। FY26 ਵਿੱਚ ਕੰਪਨੀ ਦੀ ਭਾਰਤ ਵਿੱਚ ਆਈਫੋਨ ਸ਼ਿਪਮੈਂਟ 14 ਮਿਲੀਅਨ ਯੂਨਿਟ ਤੱਕ ਪਹੁੰਚੀ, ਜੋ ਸਾਲਾਨਾ ਆਧਾਰ ‘ਤੇ 24 ਫ਼ੀਸਦੀ ਵਾਧਾ ਹੈ। ਇਸ ਦੌਰਾਨ ਐਪਲ ਦਾ ਭਾਰਤ ਵਿੱਚ ਮਾਲੀਆ 10 ਬਿਲੀਅਨ ਡਾਲਰ ਤੋਂ ਪਾਰ ਹੋ ਗਿਆ, ਜੋ ਲਗਪਗ 1 ਲੱਖ ਕਰੋੜ ਰੁਪਏ ਦੇ ਨੇੜੇ ਹੈ। ਕੰਪਨੀ ਦੀ ਭਾਰਤ ਤੋਂ ਹੋਣ ਵਾਲੀ ਕਮਾਈ ਵਿੱਚ ਆਈਫੋਨ ਦੀ ਵਿਕਰੀ ਦਾ ਵੱਡਾ ਹਿੱਸਾ ਹੈ।

Share This Article
Leave a Comment