ਹਰਦੀਪ ਸਿੰਘ ਨਿੱਝਰ ਮਾਮਲਾ: ਅਰਸ਼ ਡੱਲਾ ਨੇ ਗੋਲਡੀ ਬਰਾੜ ਹੋਏ ਆਹਮੋ-ਸਾਹਮਣੇ, ਡੱਲਾ ਦੀ ਖੁੱਲ੍ਹੀ ਧਮਕੀ

Global Team
2 Min Read

ਨਿਊਜ਼ ਡੈਸਕ: ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਵੱਲੋਂ ਲਏ ਜਾਣ ਦੀ ਆਡੀਓ ਵਾਇਰਲ ਹੋਣ ਦੇ ਕੁਝ ਘੰਟਿਆਂ ਬਾਅਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਕਰੀਬ 15 ਮਿੰਟ ਦੀ ਇਸ ਵੀਡੀਓ ਵਿੱਚ ਡੱਲਾ ਨੇ ਗੋਲਡੀ ਬਰਾੜ ’ਤੇ ਕਈ ਗੰਭੀਰ ਦੋਸ਼ ਲਗਾਏ ਅਤੇ ਬਦਲਾ ਲੈਣ ਦੀ ਚਿਤਾਵਨੀ ਵੀ ਦਿੱਤੀ। ਹਾਲਾਂਕਿ, ਇਸ ਆਡੀਓ/ਵੀਡੀਓ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।

ਨਿੱਝਰ ਨਾਲ ਸਬੰਧਾਂ ਬਾਰੇ ਡੱਲਾ ਦਾ ਦਾਅਵਾ

ਡੱਲਾ ਨੇ ਕਿਹਾ ਕਿ ਨਿੱਝਰ ਦੇ ਕਤਲ ਵਾਲੇ ਦਿਨ ਉਹ ਉਸਦੇ ਨਾਲ ਨਹੀਂ ਸੀ ਅਤੇ ਕਤਲ ਤੋਂ ਇੱਕ ਸਾਲ ਪਹਿਲਾਂ ਵੀ ਉਸਦੀ ਨਿੱਝਰ ਨਾਲ ਮੁਲਾਕਾਤ ਨਹੀਂ ਹੋਈ ਸੀ। ਉਸਨੇ ਗੋਲਡੀ ਬਰਾੜ ਦੇ ਇਸ ਦਾਅਵੇ ਨੂੰ ਵੀ ਨਕਾਰਿਆ ਕਿ ਨਿੱਝਰ ਨੇ ਉਸਨੂੰ ਪੈਸੇ, ਆਸਰਾ ਜਾਂ ਹਥਿਆਰ ਮੁਹੱਈਆ ਕਰਵਾਏ ਸਨ।

ਡੱਲਾ ਨੇ ਗੋਲਡੀ ਬਰਾੜ ’ਤੇ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਉਹ ਏਜੰਸੀਆਂ ਲਈ ਕੰਮ ਕਰ ਰਿਹਾ ਹੈ। ਉਸਨੇ ਆਪਣੇ ਮਾਪਿਆਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਵੀ ਗੋਲਡੀ ਦੀ ਕਥਿਤ ਸਾਜ਼ਿਸ਼ ਨਾਲ ਜੋੜਿਆ।

ਪੰਜਾਬੀ ਗਾਇਕਾਂ ਬਾਰੇ ਵੀ ਲਾਏ ਦੋਸ਼

ਵੀਡੀਓ ਵਿੱਚ ਡੱਲਾ ਨੇ ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕਾਂ ਦੀ ਕਥਿਤ ਵਰਤੋਂ ਦਾ ਮੁੱਦਾ ਵੀ ਚੁੱਕਿਆ। ਉਸ ਨੇ ਦੋਸ਼ ਲਾਇਆ ਕਿ ਗੈਂਗਸਟਰ ਗਾਇਕਾਂ ਤੋਂ ਮੁਫ਼ਤ ਵਿੱਚ ਸ਼ੋਅ ਕਰਵਾਉਂਦੇ ਹਨ ਅਤੇ ਉਸ ਤੋਂ ਹੋਣ ਵਾਲੀ ਕਮਾਈ ਆਪਣੇ ਕੋਲ ਰੱਖ ਲੈਂਦੇ ਹਨ।

ਅਰਸ਼ ਡੱਲਾ ਨੇ ਨਵੰਬਰ 2020 ਵਿੱਚ ਬਠਿੰਡਾ ਵਿੱਚ ਡੇਰਾ ਸੱਚਾ ਸੌਦਾ ਸਮਰਥਕ ਮਨੋਹਰ ਲਾਲ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ। ਉਸਨੇ ਇਸ ਕਤਲ ਨੂੰ ਬੇਅਦਬੀ ਕਾਂਡ ਦਾ ਬਦਲਾ ਦੱਸਿਆ।

ਗੋਲਡੀ ਬਰਾੜ ਨੇ ਕੀ ਕਿਹਾ ਸੀ?

ਦੂਜੇ ਪਾਸੇ, ਲੀਕ ਹੋਈ ਇੱਕ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਪਰਮਜੀਤ ਸਿੰਘ ਪੰਮਾ ਨਾਲ ਕਥਿਤ ਗੱਲਬਾਤ ਦੌਰਾਨ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਨਿੱਝਰ ਨਸ਼ਿਆਂ ਦੇ ਪ੍ਰਚਾਰ ਵਿੱਚ ਸ਼ਾਮਲ ਸੀ ਅਤੇ ਨੌਜਵਾਨਾਂ ਨੂੰ ਨਸ਼ੇ ਵੇਚਣ ਲਈ ਵਰਤਦਾ ਸੀ।

ਗੋਲਡੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਨਿੱਝਰ ਨੇ ਉਸਦੇ ਵਿਰੋਧੀ ਅਰਸ਼ ਡੱਲਾ ਨੂੰ ਆਸਰਾ, ਹਥਿਆਰ ਅਤੇ ਵਿੱਤੀ ਮਦਦ ਦਿੱਤੀ ਸੀ।

Share This Article
Leave a Comment