ਵਾਸ਼ਿੰਗਟਨ: ਅਮਰੀਕਾ ਵਿੱਚ ਲਗਭਗ 27 ਸਾਲ ਤੋਂ ਰਹਿ ਰਹੀ ਭਾਰਤੀ ਮੂਲ ਦੀ ਵੈਂਕਟਾ ਵਾਸਮਸੇੱਟੀ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲੈ ਲਿਆ ਹੈ। 11 ਅਗਸਤ ਨੂੰ ਸ਼ਾਰਲੋਟ ਸਥਿਤ ICE ਦਫ਼ਤਰ ਵਿੱਚ ਨਿਯਮਤ ਚੈੱਕ-ਇਨ ਦੌਰਾਨ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ। ਵੈਂਕਟਾ ਕੋਲ 2013 ਤੋਂ ਗ੍ਰੀਨ ਕਾਰਡ ਹੈ ਅਤੇ ਉਹ ਨੌਰਥ ਕੈਰੋਲੀਨਾ ਦੇ ਇੱਕ ਸਰਕਾਰੀ ਸਕੂਲ ਵਿੱਚ ਸਪੈਸ਼ਲ-ਨੀਡਜ਼ ਬੱਚਿਆਂ ਨੂੰ ਪੜ੍ਹਾਉਂਦੀ ਹੈ।
ਬਿਮਾਰ ਮਾਪਿਆਂ ਦੀ ਦੇਖਭਾਲ ਲਈ ਭਾਰਤ ਗਈ ਸੀ
ਵੈਂਕਟਾ ਜੁਲਾਈ 2022 ਵਿੱਚ ਆਪਣੇ ਬਿਮਾਰ ਮਾਪਿਆਂ ਦੀ ਦੇਖਭਾਲ ਲਈ ਭਾਰਤ ਗਈ ਸੀ। ਭਾਰਤ ਵਿੱਚ ਰਹਿੰਦਿਆਂ ਉਹ ਕੋਵਿਡ ਦੀ ਲਪੇਟ ਵਿੱਚ ਆ ਗਈ ਅਤੇ ਕਰੀਬ ਦੋ ਹਫ਼ਤੇ ਹਸਪਤਾਲ ਵਿੱਚ ਦਾਖ਼ਲ ਰਹੀ। ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਹ ਲਗਭਗ ਸੱਤ ਮਹੀਨੇ ਬਾਅਦ ਫਰਵਰੀ 2023 ਵਿੱਚ ਅਮਰੀਕਾ ਵਾਪਸ ਪਹੁੰਚੀ।
ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਦੀ ਲੰਬੀ ਗੈਰ-ਮੌਜੂਦਗੀ ਨੂੰ ਲੈ ਕੇ ਇਹ ਸਵਾਲ ਉਠਾਇਆ ਕਿ ਕੀ ਉਨ੍ਹਾਂ ਨੇ ਅਮਰੀਕਾ ਨੂੰ ਆਪਣਾ ਸਥਾਈ ਨਿਵਾਸ ਬਣਾਈ ਰੱਖਿਆ ਸੀ ਜਾਂ ਨਹੀਂ। ਵੈਂਕਟਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਘਰ, ਨੌਕਰੀ ਅਤੇ ਪਰਿਵਾਰ ਅਮਰੀਕਾ ਵਿੱਚ ਹੀ ਹੈ ਅਤੇ ਉਨ੍ਹਾਂ ਦਾ ਪੱਕੇ ਤੌਰ ’ਤੇ ਭਾਰਤ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਸੀ।
ਮਈ ’ਚ ਡਿਪੋਰਟੇਸ਼ਨ ਕੇਸ ਹੋਇਆ ਸੀ ਖਤਮ
ਵੈਂਕਟਾ ਖ਼ਿਲਾਫ਼ ਡਿਪੋਰਟੇਸ਼ਨ ਦੀ ਕਾਰਵਾਈ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਨਿਯਮਤ ਤੌਰ ’ਤੇ ICE ਸਾਹਮਣੇ ਪੇਸ਼ ਹੋਣਾ ਪੈਂਦਾ ਸੀ। 19 ਮਈ ਨੂੰ ਇਮੀਗ੍ਰੇਸ਼ਨ ਜੱਜ ਨੇ ਇਹ ਕੇਸ ਖਤਮ ਕਰ ਦਿੱਤਾ ਸੀ। ਜੱਜ ਮੁਤਾਬਕ ਸਰਕਾਰ ਅਜਿਹੇ ਸਪੱਸ਼ਟ ਅਤੇ ਠੋਸ ਸਬੂਤ ਪੇਸ਼ ਨਹੀਂ ਕਰ ਸਕੀ, ਜਿਨ੍ਹਾਂ ਦੇ ਆਧਾਰ ’ਤੇ ਵੈਂਕਟਾ ਨੂੰ ਅਮਰੀਕਾ ਤੋਂ ਬਾਹਰ ਭੇਜਿਆ ਜਾ ਸਕੇ।
ਇਸ ਦੇ ਬਾਵਜੂਦ 11 ਅਗਸਤ ਨੂੰ ਚੈੱਕ-ਇਨ ਦੌਰਾਨ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਫਿਲਹਾਲ ਉਹ ਜਾਰਜੀਆ ਦੇ ਇਰਵਿਨ ਕਾਊਂਟੀ ਡਿਟੇਨਸ਼ਨ ਸੈਂਟਰ ਵਿੱਚ ਹਨ।
ਡਾਇਬਟੀਜ਼ ਦੀ ਮਰੀਜ਼, ਕੋਰਟ ’ਚ ਚੁਣੌਤੀ
ਵੈਂਕਟਾ ਨੂੰ ਗੰਭੀਰ ਡਾਇਬਟੀਜ਼ ਹੈ। ਉਨ੍ਹਾਂ ਦੇ ਵਕੀਲਾਂ ਮੁਤਾਬਕ ਹਿਰਾਸਤ ਵਿੱਚ ਲਏ ਜਾਣ ਸਮੇਂ ਉਨ੍ਹਾਂ ਕੋਲ ਇਨਸੁਲਿਨ ਅਤੇ ਲੋੜੀਂਦੀ ਮੈਡੀਕਲ ਸਪਲਾਈ ਨਹੀਂ ਸੀ।
ਵਕੀਲਾਂ ਨੇ ਫੈਡਰਲ ਕੋਰਟ ਵਿੱਚ ਉਨ੍ਹਾਂ ਦੀ ਹਿਰਾਸਤ ਨੂੰ ਚੁਣੌਤੀ ਦਿੱਤੀ ਹੈ। 13 ਅਗਸਤ ਨੂੰ ਜੱਜ ਨੇ ICE ਨੂੰ ਤਿੰਨ ਦਿਨਾਂ ਅੰਦਰ ਇਹ ਦੱਸਣ ਲਈ ਕਿਹਾ ਕਿ ਵੈਂਕਟਾ ਨੂੰ ਹਿਰਾਸਤ ਵਿੱਚ ਰੱਖਣ ਦਾ ਕਾਨੂੰਨੀ ਆਧਾਰ ਕੀ ਹੈ।
ਵੈਂਕਟਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਦੀਆਂ ਦੋ ਧੀਆਂ ਅਤੇ ਦੋ ਪੋਤੇ-ਪੋਤੀਆਂ ਅਮਰੀਕੀ ਨਾਗਰਿਕ ਹਨ।

