ਨਿਊਜ਼ ਡੈਸਕਲ਼ ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਬਿਹਾਰ ਦੇ ਪੱਛਮੀ ਚੰਪਰਣ ਜ਼ਿਲ੍ਹੇ ਦੇ ਸੰਵੇਦਨਸ਼ੀਲ ਸੁਸਤਾ ਖੇਤਰ ਵਿੱਚ ਇੱਕ ਵਾਰ ਫਿਰ ਸਰਹੱਦੀ ਵਿਵਾਦ ਕਾਰਨ ਤਣਾਅ ਵਾਲੀ ਸਥਿਤੀ ਬਣ ਗਈ। ਸਸ਼ਸਤ੍ਰ ਸੀਮਾ ਬਲ (SSB) ਨੇ ਦੋਸ਼ ਲਗਾਇਆ ਹੈ ਕਿ ਨੇਪਾਲ ਦੇ ਸੁਸਤਾ ਪਿੰਡ ਦੇ ਕਰੀਬ 150 ਤੋਂ 200 ਲੋਕਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਪਹਿਲਾਂ ਹੋਏ ਸਮਝੌਤੇ ਦੀ ਉਲੰਘਣਾ ਕਰਦਿਆਂ ਭਾਰਤੀ ਸਰਹੱਦ ਵੱਲ ਮਿੱਟੀ ਦਾ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ।
ਗਸ਼ਤ ਦੌਰਾਨ ਸਾਹਮਣੇ ਆਇਆ ਮਾਮਲਾ
SSB ਦੀ 21ਵੀਂ ਬਟਾਲੀਅਨ ਦੇ ਰਾਮਪੁਰਵਾ ਕੈਂਪ ਦੇ ਇੰਚਾਰਜ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ 2 ਅਗਸਤ 2026 ਨੂੰ SSB ਦੀ ਟੀਮ ਨਿਯਮਤ ਗਸ਼ਤ ਅਤੇ ਜਾਣਕਾਰੀ ਇਕੱਠੀ ਕਰਨ ਲਈ ਸਰਹੱਦੀ ਇਲਾਕੇ ਵਿੱਚ ਮੌਜੂਦ ਸੀ। ਦੁਪਹਿਰ ਕਰੀਬ 2:15 ਵਜੇ ਟੀਮ ਸੁਸਤਾ ਨਾਲ ਲੱਗਦੇ ਭਾਰਤੀ ਖੇਤਰ ਵਿੱਚ ਪਹੁੰਚੀ, ਜਿੱਥੇ ਕੁਝ ਨੇਪਾਲੀ ਪਿੰਡ ਵਾਸੀ ਮਿੱਟੀ ਦਾ ਬੰਨ੍ਹ ਬਣਾਉਂਦੇ ਨਜ਼ਰ ਆਏ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 31 ਜੁਲਾਈ 2026 ਨੂੰ ਭਾਰਤ ਅਤੇ ਨੇਪਾਲ ਦੇ ਸੁਰੱਖਿਆ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਸੀ ਕਿ ਅੰਤਿਮ ਫ਼ੈਸਲਾ ਹੋਣ ਤੱਕ ਸਰਹੱਦ ‘ਤੇ ਪਹਿਲਾਂ ਵਾਲੀ ਸਥਿਤੀ ਹੀ ਕਾਇਮ ਰੱਖੀ ਜਾਵੇਗੀ ਅਤੇ ਕੋਈ ਨਵਾਂ ਨਿਰਮਾਣ ਕੰਮ ਨਹੀਂ ਕੀਤਾ ਜਾਵੇਗਾ। ਇਸ ਦੇ ਬਾਵਜੂਦ SSB ਦਾ ਦਾਅਵਾ ਹੈ ਕਿ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
SSB ਨੇ ਲਗਾਏ ਪਥਰਾਅ ਅਤੇ ਰੁਕਾਵਟ ਦੇ ਦੋਸ਼
SSB ਮੁਤਾਬਕ ਜਦੋਂ ਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਨੇਪਾਲ ਦੇ APF ਦੇ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ। SSB ਨੇ ਦੋਸ਼ ਲਗਾਇਆ ਕਿ ਭੀੜ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਈ, ਜਵਾਨਾਂ ਨਾਲ ਬਦਸਲੂਕੀ ਕੀਤੀ ਅਤੇ ਲਾਠੀਆਂ, ਡੰਡਿਆਂ ਅਤੇ ਪੱਥਰਾਂ ਨਾਲ ਹਮਲਾਵਰ ਰਵੱਈਆ ਅਪਣਾਇਆ। ਹਾਲਾਤ ਵਿਗੜਦੇ ਦੇਖ SSB ਦੀ ਟੀਮ ਭਾਰਤੀ ਖੇਤਰ ਵੱਲ ਵਾਪਸ ਆ ਗਈ। ਇਸ ਦੌਰਾਨ ਭੀੜ ਵੱਲੋਂ ਭਾਰਤੀ ਸਰਹੱਦ ਦੀ ਦਿਸ਼ਾ ਵਿੱਚ ਪਥਰਾਅ ਕਰਨ ਦਾ ਵੀ ਦੋਸ਼ ਲਗਾਇਆ ਗਿਆ, ਜਿਸ ਕਾਰਨ ਕੁਝ ਸਮੇਂ ਲਈ ਇਲਾਕੇ ਵਿੱਚ ਤਣਾਅ ਬਣਿਆ ਰਿਹਾ।
150-200 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ
SSB ਨੇ ਇਸ ਘਟਨਾ ਨੂੰ ਸਰਹੱਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਲਈ ਗੰਭੀਰ ਮਾਮਲਾ ਦੱਸਦਿਆਂ ਵਾਲਮੀਕੀਨਗਰ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ। ਇਸ ਦੇ ਆਧਾਰ ‘ਤੇ ਪੁਲਿਸ ਨੇ ਨੇਪਾਲ ਦੇ ਸੁਸਤਾ ਪਿੰਡ ਦੇ 150 ਤੋਂ 200 ਅਣਪਛਾਤੇ ਲੋਕਾਂ ਖ਼ਿਲਾਫ਼ FIR ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

