ਵਿੰਨੀਪੈਗ: ਕੈਨੇਡਾ ਦੀ ਪੱਕੀ ਰਿਹਾਇਸ਼ (PR) ਜਾਂ ਵਰਕ ਪਰਮਿਟ ਹਾਸਲ ਕਰਨ ਦੀ ਦੌੜ ਕਈ ਪੰਜਾਬੀ ਨੌਜਵਾਨਾਂ ਲਈ ਵੱਡੀ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਸੁਨਹਿਰੇ ਭਵਿੱਖ ਦੀ ਉਮੀਦ ਨਾਲ ਵਿਦੇਸ਼ ਜਾਣ ਵਾਲੇ ਕਈ ਵਿਦਿਆਰਥੀ ਇਮੀਗ੍ਰੇਸ਼ਨ ਸਟੇਟਸ ਅਤੇ ਹੋਰ ਚੁਣੌਤੀਆਂ ਕਾਰਨ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਇਸੇ ਦਰਮਿਆਨ ਕੈਨੇਡਾ ਦੇ ਵਿੰਨੀਪੈਗ ਸ਼ਹਿਰ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
2021 ਵਿੱਚ ਸਟੱਡੀ ਵੀਜ਼ੇ ‘ਤੇ ਗਿਆ ਸੀ ਕੈਨੇਡਾ
ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 24 ਸਾਲਾ ਪ੍ਰਭਦੀਪ ਸਿੰਘ ਸਾਲ 2021 ਵਿੱਚ ਉੱਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਹ ਵਿੰਨੀਪੈਗ ਵਿੱਚ ਆਪਣੇ ਭਰਾ ਨਾਲ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਉਹ ਵੀ ਕਈ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਂਗ ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ।
ਸਮੇਂ ਸਿਰ ਘਰ ਨਾ ਪਰਤਣ ‘ਤੇ ਸ਼ੁਰੂ ਹੋਈ ਭਾਲ
ਜਦੋਂ ਪ੍ਰਭਦੀਪ ਸਿੰਘ ਨਿਰਧਾਰਤ ਸਮੇਂ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਭਰਾ ਨੂੰ ਚਿੰਤਾ ਹੋਈ। ਉਸ ਨੇ ਪਹਿਲਾਂ ਦੋਸਤਾਂ ਅਤੇ ਕੰਮ ਵਾਲੀ ਥਾਂ ‘ਤੇ ਉਸ ਬਾਰੇ ਪੁੱਛਗਿੱਛ ਕੀਤੀ, ਪਰ ਕੋਈ ਜਾਣਕਾਰੀ ਨਾ ਮਿਲਣ ‘ਤੇ ਐਪਲ ਆਈ.ਡੀ. ਦੀ ਮਦਦ ਨਾਲ ਉਸ ਦੀ ਲੋਕੇਸ਼ਨ ਟ੍ਰੈਕ ਕੀਤੀ।
ਲੋਕੇਸ਼ਨ ਯੂਨੀਵਰਸਿਟੀ ਆਫ਼ ਮੈਨੀਟੋਬਾ ਦੇ ਨੇੜਲੇ ਇਲਾਕੇ ਦੀ ਮਿਲੀ। ਜਦੋਂ ਉਸ ਦੀ ਭਾਲ ਉੱਥੇ ਤੱਕ ਪਹੁੰਚੀ ਤਾਂ ਬਹੁਤ ਦੇਰ ਹੋ ਚੁੱਕੀ ਸੀ। ਪ੍ਰਭਦੀਪ ਸਿੰਘ ਦੀ ਲਾਸ਼ ਯੂਨੀਵਰਸਿਟੀ ਆਫ਼ ਮੈਨੀਟੋਬਾ ਨੇੜੇ ਇੱਕ ਜੰਗਲੀ ਇਲਾਕੇ ਵਿੱਚੋਂ ਮਿਲੀ।
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸ ਘਟਨਾ ਨੇ ਪ੍ਰਭਦੀਪ ਸਿੰਘ ਦੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ। ਹਜ਼ਾਰਾਂ ਮੀਲ ਦੂਰ ਰਹਿ ਰਹੇ ਆਪਣੇ ਪੁੱਤਰ ਨੂੰ ਗੁਆਉਣ ਨਾਲ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਹ ਘਟਨਾ ਇੱਕ ਵਾਰ ਫਿਰ ਵਿਦੇਸ਼ ਵਿੱਚ ਰਹਿ ਰਹੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮਾਨਸਿਕ ਦਬਾਅ ਅਤੇ ਇਮੀਗ੍ਰੇਸ਼ਨ ਸਬੰਧੀ ਚਿੰਤਾਵਾਂ ਵੱਲ ਧਿਆਨ ਖਿੱਚਦੀ ਹੈ।
ਪਰਿਵਾਰ ਦੀ ਮਦਦ ਲਈ GoFundMe ਮੁਹਿੰਮ ਸ਼ੁਰੂ
ਪ੍ਰਭਦੀਪ ਸਿੰਘ ਦੇ ਦੋਸਤਾਂ ਨੇ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਮਦਦ ਲਈ GoFundMe ‘ਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਵਿੱਚ ਕਿਹਾ ਗਿਆ ਹੈ ਕਿ ਪ੍ਰਭਦੀਪ ਸਿੰਘ ਆਪਣੇ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੇ ਸੁਪਨਿਆਂ ਨਾਲ ਕੈਨੇਡਾ ਆਇਆ ਸੀ। ਪਰ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਉਸ ਨੂੰ ਪੜ੍ਹਾਈ, ਵਿਦੇਸ਼ ਵਿੱਚ ਇਕੱਲੇ ਜੀਵਨ ਅਤੇ ਮਾਨਸਿਕ ਦਬਾਅ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਦੋਸਤਾਂ ਮੁਤਾਬਕ, ਇਨ੍ਹਾਂ ਮੁਸ਼ਕਲਾਂ ਦਾ ਬੋਝ ਆਖ਼ਰਕਾਰ ਉਸ ਲਈ ਬਹੁਤ ਭਾਰੀ ਸਾਬਤ ਹੋਇਆ।
ਮੁਹਿੰਮ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਰਕਮ ਪ੍ਰਭਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਵਰਤੀ ਜਾਵੇਗੀ, ਤਾਂ ਜੋ ਉਸ ਦਾ ਪਰਿਵਾਰ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਸਕੇ। ਮੁਹਿੰਮ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਹ ਆਰਥਿਕ ਮਦਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਸਾਂਝਾ ਕਰਨ। ਨਾਲ ਹੀ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਮਾਨਸਿਕ ਸਥਿਤੀ ਪ੍ਰਤੀ ਸੰਵੇਦਨਸ਼ੀਲ ਰਹਿਣ ਅਤੇ ਲੋੜ ਪੈਣ ‘ਤੇ ਉਨ੍ਹਾਂ ਦਾ ਸਾਥ ਦੇਣ ਦਾ ਵੀ ਸੰਦੇਸ਼ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

