ਨਿਊਜ਼ ਡੈਸਕ:’ਕਾਕਰੋਚ ਜਨਤਾ ਪਾਰਟੀ’ (CJP) ਲਹਿਰ ਦਾ ਪ੍ਰਭਾਵ ਹੁਣ ਪਾਕਿਸਤਾਨ ਵਿੱਚ ਵੀ ਦਿਖਾਈ ਦੇ ਰਿਹਾ ਹੈ। ਭਾਰਤੀ ਨੌਜਵਾਨਾਂ ਤੋਂ ਇਹ ਵਿਚਾਰ ਲੈਂਦਿਆਂ, ‘ਕਾਕਰੋਚ ਪਾਰਟੀ ਪਾਕਿਸਤਾਨ’ ਨਾਮਕ ਇੱਕ ਸੋਸ਼ਲ ਮੀਡੀਆ ਖਾਤਾ ਬਣਾਇਆ ਗਿਆ ਹੈ। ਇਹ ਖਾਤਾ ਭ੍ਰਿਸ਼ਟਾਚਾਰ, ਮਾੜੇ ਪ੍ਰਸ਼ਾਸਨ ਅਤੇ ਆਰਥਿਕ ਸੰਕਟ ਨਾਲ ਸਬੰਧਿਤ ਮੁੱਦੇ ਉਠਾ ਰਿਹਾ ਹੈ।
ਸਮੂਹ ਦਾ ਕਹਿਣਾ ਹੈ ਕਿ ਇਸ ਦੇ ਏਜੰਡੇ ਵਿੱਚ ਆਰਥਿਕ ਅਤੇ ਰਾਜਨੀਤਿਕ ਸਥਿਰਤਾ, ਮਿਆਰੀ ਸਿੱਖਿਆ, ਦੇਸ਼ ਦੇ ਊਰਜਾ ਸੰਕਟ ਨੂੰ ਹੱਲ ਕਰਨਾ ਅਤੇ ਪਾਣੀ ਦੀ ਕਿੱਲਤ ਦੇ ਮੁੱਦੇ ਨੂੰ ਹੱਲ ਕਰਨਾ ਸ਼ਾਮਲ ਹੈ। ਸਮੂਹ ਦੇ ਇੰਸਟਾਗ੍ਰਾਮ ਖਾਤੇ ‘ਤੇ 1,12,000 ਤੋਂ ਵੱਧ ਫਾਲੋਅਰਜ਼ ਹਨ।

ਇਸ ਲਹਿਰ ਦਾ ਨਾਅਰਾ ਹੈ: “ਪਾਕਿਸਤਾਨ ਇਸ ਦੇ ਲੋਕਾਂ ਦਾ ਹੈ, ਭ੍ਰਿਸ਼ਟ ਮਾਫੀਆ ਦਾ ਨਹੀਂ।” ਇਹ ਸਮੂਹ ਖੁਦ ਨੂੰ ਨੌਜਵਾਨਾਂ ਦੀ ਅਗਵਾਈ ਵਾਲੀ ਅਜਿਹੀ ਮੁਹਿੰਮ ਵਜੋਂ ਪੇਸ਼ ਕਰਦਾ ਹੈ ਜੋ ਏਕਤਾ ਅਤੇ ਬਦਲਾਅ ਦੀ ਵਕਾਲਤ ਕਰਦੀ ਹੈ।
ਇੰਸਟਾਗ੍ਰਾਮ ‘ਤੇ ਉਪਲਬਧ ਜਾਣਕਾਰੀ ਅਨੁਸਾਰ, ਇਹ ਖਾਤਾ ਮਈ ਵਿੱਚ ਬਣਾਇਆ ਗਿਆ ਸੀ ਅਤੇ ਕੈਨੇਡਾ ਤੋਂ ਚਲਾਇਆ ਜਾ ਰਿਹਾ ਹੈ। ਇਸੇ ਮਹੀਨੇ ਇਸ ਦੀ ਤਸਦੀਕ (ਵੈਰੀਫਿਕੇਸ਼ਨ) ਵੀ ਕੀਤੀ ਗਈ ਸੀ।
‘ਕਾਕਰੋਚ ਪਾਰਟੀ ਪਾਕਿਸਤਾਨ’ ਨੇ ਪਾਰਟੀ ਦੇ ਵੱਖ-ਵੱਖ ਅਹੁਦਿਆਂ ਲਈ ਵੀ ਅਰਜ਼ੀਆਂ ਮੰਗੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਮੂਹ ਸਿਰਫ਼ ਸੋਸ਼ਲ ਮੀਡੀਆ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੁੰਦਾ, ਸਗੋਂ ਇੱਕ ਸੰਗਠਨ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਆਪਣੇ ਹਾਲ ਹੀ ਵਿੱਚ ਜਾਰੀ ਕੀਤੇ ਚੋਣ-ਮਨੋਰਥ ਪੱਤਰ ਵਿੱਚ, ਸਮੂਹ ਨੇ ਕਿਹਾ ਹੈ ਕਿ ਉਹ ਆਮ ਪਾਕਿਸਤਾਨੀਆਂ, ਖਾਸ ਕਰਕੇ ਨੌਜਵਾਨਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ। ਇਹ ਲੋਕ ਭ੍ਰਿਸ਼ਟਾਚਾਰ, ਪਰਿਵਾਰਵਾਦੀ ਰਾਜਨੀਤੀ ਅਤੇ ਅਜਿਹੀ ਪ੍ਰਣਾਲੀ ਤੋਂ ਨਿਰਾਸ਼ ਹਨ ਜਿਸ ਦਾ ਲਾਭ ਗਿਣੇ-ਚੁਣੇ ਲੋਕਾਂ ਨੂੰ ਹੀ ਬੇਲੋੜੇ ਢੰਗ ਨਾਲ ਮਿਲਦਾ ਹੈ। ਇਸ ਸਮੂਹ ਨੇ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਤੰਤਰੀ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਦਾ ਅਹਿਦ ਲਿਆ ਹੈ। ਇਸ ਨੇ ਰੁਜ਼ਗਾਰ ਵਧਾਉਣ, ਸਿੱਖਿਆ ਤੇ ਸ਼ਾਸਨ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਪਾਕਿਸਤਾਨ ਦੇ ਊਰਜਾ ਸੰਕਟ ਨੂੰ ਹੱਲ ਕਰਨ ਨੂੰ ਵੀ ਆਪਣੀਆਂ ਤਰਜੀਹਾਂ ਵਜੋਂ ਨਿਰਧਾਰਤ ਕੀਤਾ ਹੈ।

