ਫ਼ਿਰੋਜ਼ਪੁਰ : ਸਰਕਾਰੀ ਅਧਿਆਪਕਾ ਪਤਨੀ ‘ਤੇ ਪਤੀ ਨੇ ਕੀਤਾ ਜਾਨਲੇਵਾ ਹਮਲਾ, ਖ਼ੁਦ ਨੂੰ ਲਾਇਆ ਫਾਹਾ

Global Team
4 Min Read

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਵਿੱਚ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ‘ਤੇ ਬੇਰਹਿਮੀ ਨਾਲ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਜਵਾਹਰ ਸਿੰਘ ਵਾਲਾ ਪਿੰਡ ਦੇ 32 ਸਾਲਾ ਨਿਵਾਸੀ ਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕੀਤਾ ਅਤੇ ਉਸਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਈ। ਪਤਨੀ ਨੂੰ ਮ੍ਰਿਤਕ ਸਮਝ ਕੇ ਉਸ ਨੇ ਆਪ ਪੁਲਿਸ ਨੂੰ ਫ਼ੋਨ ਕਰਕੇ ਕਿਹਾ ਕਿ ‘ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ’। ਇਸ ਤੋਂ ਬਾਅਦ ਉਹ ਸਿੱਧਾ ਉਸ ਸਰਕਾਰੀ ਸਕੂਲ ਪਹੁੰਚਿਆ, ਜਿੱਥੇ ਉਸ ਦੀ ਪਤਨੀ ਨੌਕਰੀ ਕਰਦੀ ਸੀ, ਅਤੇ ਉੱਥੇ ਪਾਣੀ ਦੀ ਟੈਂਕੀ ਨਾਲ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਅਨੁਸਾਰ ਐਤਵਾਰ ਨੂੰ ਵੀ ਦੋਵਾਂ ਵਿਚਾਲੇ ਇਸੇ ਮੁੱਦੇ ਨੂੰ ਲੈ ਕੇ ਕਹਾਸੁਣੀ ਹੋਈ। ਦੇਖਦਿਆਂ ਹੀ ਦੇਖਦਿਆਂ ਬਹਿਸ ਐਨੀ ਵੱਧ ਗਈ ਕਿ ਮਨਪ੍ਰੀਤ ਨੇ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਪੇਚਕਸ ਅਤੇ ਪਲਾਸ ਨਾਲ ਮਾਰ-ਮਾਰ ਕੇ ਪਤਨੀ ਨੂੰ ਅਧਮੋਈ ਕਰ ਦਿੱਤਾ।

ਉਹ ਇੱਥੇ ਹੀ ਨਹੀਂ ਰੁਕਿਆ, ਉਸ ਨੇ ਪਲਾਸ ਨਾਲ ਪਤਨੀ ਦੇ ਬੁੱਲ੍ਹ ਵੀ ਖਿੱਚੇ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਬੇਹੋਸ਼ ਪੈ ਗਈ। ਪਤੀ ਨੂੰ ਲੱਗਿਆ ਕਿ ਪਤਨੀ ਦੀ ਮੌਤ ਹੋ ਚੁੱਕੀ ਹੈ, ਹਾਲਾਂਕਿ ਉਹ ਅਜੇ ਜ਼ਿੰਦਾ ਹੈ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਮ੍ਰਿਤਕ ਮਨਪ੍ਰੀਤ ਸਿੰਘ ਦੇ ਭਤੀਜੇ ਬੰਟੀ ਨੇ ਪੁਲਿਸ ਅਤੇ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਮਾਸੀ ਪਿੰਡ ਦੇ ਸਕੂਲ ਵਿੱਚ ਕੁੱਕ ਦਾ ਕੰਮ ਕਰਦੀ ਸੀ। ਲੰਬੇ ਸਮੇਂ ਤੋਂ ਉਸ ਦੇ ਮਾਮੇ ਨੂੰ ਸ਼ੱਕ ਸੀ ਕਿ ਉਸ ਦੀ ਮਾਸੀ ਦੇ ਉਸ ਦੇ ਸਕੂਲ ਦੇ ਹੀ ਇਕ ਅਧਿਆਪਕ ਨਾਲ ਨਾਜਾਇਜ਼ ਸਬੰਧ ਹਨ। ਬੰਟੀ ਅਨੁਸਾਰ ਉਸ ਦਾ ਮਾਮਾ ਮਨਪ੍ਰੀਤ ਸਿੰਘ ਅਕਸਰ ਉਸ ਦੀ ਪਤਨੀ ਨੂੰ ਉਸ ਅਧਿਆਪਕ ਨਾਲ ਗੱਲ ਕਰਨ ਜਾਂ ਮਿਲਣ ਤੋਂ ਵਰਜਦਾ ਸੀ ਅਤੇ ਚੇਤਾਵਨੀ ਦਿੰਦਾ ਸੀ। ਪਰ ਸ਼ੱਕ ਦੀ ਇਸ ਚੰਗਿਆੜੀ ਨੇ ਇੰਨਾ ਭਿਆਨਕ ਰੂਪ ਧਾਰ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸੇ ਸ਼ੱਕ ਨੇ ਪੂਰੇ ਪਰਿਵਾਰ ਨੂੰ ਤਬਾਹ ਕਰ ਕੇ ਰੱਖ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਵਿੱਚ ਪਤੀ-ਪਤਨੀ ਦੇ ਆਪਸੀ ਕਲੇਸ਼ ਤੋਂ ਬਾਅਦ ਪਹਿਲਾਂ ਪਤਨੀ ‘ਤੇ ਹਮਲਾ ਕਰਨ ਅਤੇ ਬਾਅਦ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟਮਾਰਟਮ ਰਿਪੋਰਟ ਅਤੇ ਹੋਰ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਪੁਲਿਸ ਅਨੁਸਾਰ ਅਧਿਆਪਕ ਨਾਲ ਜੁੜੇ ਪਹਿਲੂ ਸਮੇਤ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment