ਆਸਟ੍ਰੇਲੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਤਿੰਨ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਦੌਰੇ ‘ਤੇ ਪਹੁੰਚੇ ਹਨ। ਉੱਥੇ ਆਸਟ੍ਰੇਲੀਆਈ ਪੀ.ਐਮ. ਐਂਥਨੀ ਅਲਬਾਨੀਜ਼ ਨੇ ਵਿਕਟੋਰੀਆ ਦੇ ਗਵਰਨਮੈਂਟ ਹਾਊਸ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਫਿਰ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ।
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਿਚਾਲੇ ਮੈਲਬਰਨ ਵਿੱਚ ਹੋਈ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਸਮਝੌਤਿਆਂ ਦਾ ਐਲਾਨ ਕੀਤਾ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਡੀਲ ‘ਤੇ ਮੋਹਰ ਲੱਗ ਗਈ ਹੈ। ਮੈਲਬਰਨ ਵਿੱਚ ਪੀ.ਐਮ. ਮੋਦੀ ਅਤੇ ਆਸਟ੍ਰੇਲੀਆਈ ਪੀ.ਐਮ. ਐਂਥਨੀ ਅਲਬਾਨੀਜ਼ ਨੇ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਰੱਖਿਆ, ਵਪਾਰ, ਊਰਜਾ, ਸਪੇਸ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ ਦਾ ਐਲਾਨ ਕੀਤਾ।
ਇਸ ਮੌਕੇ ਪੀ ਐਮ ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਮਿਲਣ ਨਾਲ ਭਾਰਤ ਦੇ ਸਵੱਛ ਊਰਜਾ ਮਿਸ਼ਨ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਆਸਟ੍ਰੇਲੀਆ ਮਿਲ ਕੇ ‘ਕ੍ਰਿਟੀਕਲ ਮਿਨਰਲਜ਼ ਕਾਰੀਡੋਰ’ ਵੀ ਵਿਕਸਿਤ ਕਰਨਗੇ। ਕੋਕੋਸ ਟਾਪੂ ‘ਤੇ ਸਪੇਸ ਟ੍ਰੈਕਿੰਗ ਟਰਮੀਨਲ ਬਣਾਇਆ ਜਾਵੇਗਾ, ਜਿਸ ਨਾਲ ਭਾਰਤ ਦੇ ਗਗਨਯਾਨ ਮਿਸ਼ਨ ਨੂੰ ਮਦਦ ਮਿਲੇਗੀ।
ਦੋਵਾਂ ਦੇਸ਼ਾਂ ਨੇ ਆਸਟ੍ਰੇਲੀਆ-ਭਾਰਤ ਸਾਈਬਰ, ਕ੍ਰਿਟੀਕਲ ਟੈਕਨਾਲੋਜੀ ਅਤੇ ਸਪਲਾਈ ਚੇਨ (PACTS) ਪਾਰਟਨਰਸ਼ਿਪ ਸ਼ੁਰੂ ਕਰਨ ‘ਤੇ ਸਹਿਮਤੀ ਜਤਾਈ ਹੈ। ਇਸ ਦੇ ਤਹਿਤ ਦੋਵੇਂ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਡਿਜੀਟਲ ਰੇਜ਼ੀਲੀਐਂਸ ਵਰਗੇ ਖੇਤਰਾਂ ਵਿੱਚ ਇਕੱਠੇ ਰਿਸਰਚ ਕਰਨਗੇ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਭਾਰਤ ਨਾਲ ਹੋਏ ਸਮਝੌਤੇ ‘ਤੇ ਕਿਹਾ ਹੁਣ ਤੱਕ ਦੋਵਾਂ ਦੇਸ਼ਾਂ ਦੀ ਸਪਲਾਈ ਚੇਨ ਤਾਂ ਜੁੜੀ ਹੋਈ ਸੀ, ਪਰ ਸਾਡੀਆਂ ਨੀਤੀਆਂ ਵੱਖ-ਵੱਖ ਸਨ। ਅੱਜ ਦਾ ਇਹ ਕਦਮ ਉਸ ਦੂਰੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਉਨ੍ਹਾਂ ਨੇ ਕਿਹਾ ਅੱਜ ਅਸੀਂ 2015 ਦੇ ਭਾਰਤ-ਆਸਟ੍ਰੇਲੀਆ ਪਰਮਾਣੂ ਸਹਿਯੋਗ ਸਮਝੌਤੇ ਦੇ ਤਹਿਤ ਭਾਰਤ ਨੂੰ ਯੂਰੇਨੀਅਮ ਨਿਰਯਾਤ ਦੀ ਵਿਵਸਥਾ ‘ਤੇ ਸਾਈਨ ਕੀਤੇ ਹਨ। ਅਸੀਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਆਸਟ੍ਰੇਲੀਆ, ਭਾਰਤ ਨੂੰ ਆਪਣਾ ਅਹਿਮ ਸੁਰੱਖਿਆ ਭਾਈਵਾਲ ਮੰਨਦਾ ਹੈ। ਸਾਡਾ ਟੀਚਾ ਇੰਡੋ-ਪੈਸੀਫਿਕ ਖੇਤਰ ਨੂੰ ਸ਼ਾਂਤੀਪੂਰਨ, ਸੁਰੱਖਿਅਤ ਅਤੇ ਖ਼ੁਸ਼ਹਾਲ ਬਣਾਉਣਾ ਹੈ।

