ਦਿੱਲੀ-ਐੱਨਸੀਆਰ ਸਣੇ ਪੰਜਾਬ – ਹਰਿਆਣਾ ‘ਚ ਭਾਰੀ ਮੀਂਹ ਦਾ ਅਲਰਟ; ਪੜ੍ਹੋ ਵੱਡੀ ਅਪਡੇਟ!

Global Team
3 Min Read

ਨਵੀ ਦਿੱਲੀ : ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਬਾਰਿਸ਼ ਦਾ ਦੌਰ ਜਾਰੀ ਹੈ। ਦਿੱਲੀ-ਐੱਨਸੀਆਰ ਵਿੱਚ 24 ਘੰਟਿਆਂ ਤੋਂ ਵੱਧ ਸਮੇਂ ਤੋਂ ਹੋ ਰਹੀ ਤੇਜ਼ ਬਾਰਸ਼ ਲਗਾਤਾਰ ਜਾਰੀ ਹੈ। ਬਿਜਲੀ ਦੀ ਚਮਕ ਅਤੇ ਬੱਦਲਾਂ ਦੀ ਗਰਜ ਦੇ ਵਿਚਕਾਰ ਸਵੇਰ ਤੋਂ ਲੈ ਕੇ ਰਾਤ ਤੱਕ ਮੀਂਹ ਜਾਰੀ ਰਹੇਗਾ। 9 ਜੁਲਾਈ ਨੂੰ ਦਿੱਲੀ ਵਿੱਚ ਆਈਐੱਮਡੀ ਦਾ ਯੈਲੋ ਅਲਰਟ ਹੈ।

ਦਿੱਲੀ ਦੇ ਨਾਲ-ਨਾਲ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਵਰਗੇ ਸ਼ਹਿਰਾਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਸੰਘਣੇ ਬੱਦਲਾਂ ਨੇ ਪੂਰੀ ਤਰ੍ਹਾਂ ਡੇਰਾ ਲਾਇਆ ਹੋਇਆ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਮਾਨਸੂਨ ਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਉੱਤਰੀ ਅਰਬ ਸਾਗਰ ਤੋਂ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਵੀ ਅਗਲੇ 2-3 ਦਿਨਾਂ ਵਿੱਚ ਮਾਨਸੂਨ ਸਰਗਰਮ ਹੋ ਕੇ ਭਾਰੀ ਮੀਂਹ ਲਿਆ ਸਕਦਾ ਹੈ।

ਪੰਜਾਬ ‘ਚ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ (9 ਜੁਲਾਈ) ਤੋਂ ਅਗਲੇ ਤਿੰਨ ਦਿਨਾਂ ਤੱਕ ਕੁਝ ਥਾਵਾਂ ‘ਤੇ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਨੂੰ ਦੇਖਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ, ਚੰਡੀਗੜ੍ਹ ਵਿੱਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਹਰਿਆਣਾ ਵਿੱਚ ਮਾਨਸੂਨੀ ਹਵਾਵਾਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਹਰਿਆਣਾ ਵਿੱਚ ਲਗਾਤਾਰ ਦੋ ਦਿਨਾਂ ਤੋਂ ਮੂਸਲਾਧਾਰ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ (IMD) ਨੇ ਅੱਜ 13 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਥੇ ਹੀ 6 ਸ਼ਹਿਰਾਂ ਵਿੱਚ ਔਰੇਂਜ ਅਤੇ 7 ਸ਼ਹਿਰਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਔਰੇਂਜ ਅਲਰਟ ਰਹੇਗਾ, ਇੱਥੇ 12 ਸੈਂਟੀਮੀਟਰ ਜਾਂ ਉਸ ਤੋਂ ਵੀ ਵੱਧ ਮੀਂਹ ਦਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਝੱਜਰ, ਰੇਵਾੜੀ, ਨਾਰਨੌਲ, ਪਲਵਲ, ਨੂਹ, ਯਮੁਨਾਨਗਰ, ਅੰਬਾਲਾ ਅਤੇ ਪੰਚਕੂਲਾ ਵਿੱਚ ਯੈਲੋ ਅਲਰਟ ਦੌਰਾਨ 7 ਸੈਂਟੀਮੀਟਰ ਜਾਂ ਇਸ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਪੱਛਮੀ ਰਾਜਸਥਾਨ ਅਤੇ ਪੂਰਬੀ ਰਾਜਸਥਾਨ ਵਿੱਚ 9 ਤੋਂ 14 ਜੁਲਾਈ ਤੱਕ ਬਾਰਸ਼ ਹੁੰਦੀ ਰਹੇਗੀ। ਪੱਛਮੀ ਰਾਜਸਥਾਨ ਵਿੱਚ ਹਨੇਰੀ-ਤੂਫ਼ਾਨ, ਬਿਜਲੀ ਚਮਕਣ ਦੇ ਨਾਲ-ਨਾਲ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਉੱਤਰਾਖੰਡ ਵਿੱਚ ਵੀ 14 ਜੁਲਾਈ ਤੱਕ ਹਨੇਰੀ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਅਗਲੇ ਇੱਕ ਹਫ਼ਤੇ ਤੱਕ ਤੇਜ਼ ਬਾਰਸ਼ ਦੀ ਸੰਭਾਵਨਾ ਹੈ । ਪੂਰਬੀ ਰਾਜਸਥਾਨ ਵਿੱਚ 9 ਜੁਲਾਈ ਨੂੰ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 13 ਅਤੇ 14 ਜੁਲਾਈ ਨੂੰ ਭਾਰੀ ਬਾਰਸ਼ ਦਾ ਅਨੁਮਾਨ ਹੈ।

Share This Article
Leave a Comment