ਹਰਿਆਣਾ ਸਰਕਾਰ ਦਾ ਵੱਡਾ ਫੈਸਲਾ! NEET ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ

Global Team
2 Min Read

ਹਰਿਆਣਾ : ਨੀਟ (NEET) ਦੇ ਪ੍ਰੀਖਿਆਰਥੀ ਦੋ ਦਿਨ ਮੁਫ਼ਤ ਸਫ਼ਰ ਕਰ ਸਕਣਗੇ। ਸੂਬਾ ਸਰਕਾਰ ਨੇ ਨੀਟ ਦੇ ਪ੍ਰੀਖਿਆਰਥੀਆਂ ਲਈ 20 ਅਤੇ 21 ਜੂਨ ਨੂੰ ਹਰਿਆਣਾ ਰੋਡਵੇਜ਼ ਦੀ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ ਹੈ। ਵਿਦਿਆਰਥੀ ਆਪਣਾ ਨੀਟ ਦਾ ਪ੍ਰਵੇਸ਼ ਪੱਤਰ ਦਿਖਾ ਕੇ ਮੁਫ਼ਤ ਬੱਸ ਸੇਵਾ ਦਾ ਲਾਭ ਲੈ ਸਕਣਗੇ। ਦੱਸ ਦੇਈਏ ਕਿ ਨੀਟ ਪ੍ਰੀਖਿਆ (NEET-UG) 21 ਜੂਨ ਨੂੰ ਕਰਵਾਈ ਜਾਵੇਗੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਨੀਟ (NEET) ਰੀ-ਐਗਜ਼ਾਮ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ 20 ਅਤੇ 21 ਜੂਨ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਸਫ਼ਰ ਸਬੰਧੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ। ਅਕਸਰ ਪ੍ਰੀਖਿਆ ਵਾਲੇ ਦਿਨ ਬੱਸ ਅਤੇ ਟਰਾਂਸਪੋਰਟ ਦੀ ਸਮੱਸਿਆ ਕਾਰਨ ਵਿਦਿਆਰਥੀਆਂ ਦਾ ਤਣਾਅ ਵਧ ਜਾਂਦਾ ਹੈ।

ਅਜਿਹੀ ਸਥਿਤੀ ਵਿੱਚ ਰਾਜ ਸਰਕਾਰ ਚਾਹੁੰਦੀ ਹੈ ਕਿ ਵਿਦਿਆਰਥੀ ਬਿਨਾਂ ਕਿਸੇ ਚਿੰਤਾ ਦੇ ਸਮੇਂ ਸਿਰ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚ ਸਕਣ ਅਤੇ ਪੂਰੀ ਤਰ੍ਹਾਂ ਪ੍ਰੀਖਿਆ ‘ਤੇ ਧਿਆਨ ਕੇਂਦਰਿਤ ਕਰ ਸਕਣ।

ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ’ ਵਿੱਚ ਸ਼ਾਮਲ ਹੋਣ ਜਾ ਰਹੇ ਲੱਖਾਂ ਵਿਦਿਆਰਥੀਆਂ ਦੇ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪ੍ਰੀਖਿਆ ਤੋਂ ਠੀਕ ਤਿੰਨ ਦਿਨ ਪਹਿਲਾਂ ਇੱਕ ਬਹੁਤ ਹੀ ਮਹੱਤਵਪੂਰਨ ਸੰਦੇਸ਼ ਜਾਰੀ ਕੀਤਾ ਹੈ। ਐੱਨਟੀਏ ਨੇ ਸਾਰੇ ਉਮੀਦਵਾਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਹੈ ਕਿ ਤੁਸੀਂ ਦਿਨ-ਰਾਤ ਇੱਕ ਕਰਕੇ ਸਖ਼ਤ ਮਿਹਨਤ ਕੀਤੀ ਹੈ, ਬਿਹਤਰੀਨ ਤਿਆਰੀ ਕੀਤੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਇਸ ਮਿਹਨਤ ‘ਤੇ ਪੂਰਾ ਭਰੋਸਾ ਰੱਖੋ। ਏਜੰਸੀ ਨੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ, ਚੰਗੀ ਨੀਂਦ ਲੈਣ ਅਤੇ ਸਿਰਫ਼ ਆਪਣਾ ਬੈਸਟ ਦੇਣ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਹੈ।

ਏਜੰਸੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਪ੍ਰੀਖਿਆ ਮੁਲਤਵੀ ਹੋਣ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਜਾਂ ਸ਼ੋਰ-ਸ਼ਰਾਬੇ ਦੇ ਝਾਂਸੇ ਵਿੱਚ ਬਿਲਕੁਲ ਨਾ ਆਉਣ। ਕਿਸੇ ਵੀ ਜਾਣਕਾਰੀ ਲਈ ਕੇਵਲ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ ਅਤੇ ਅਧਿਕਾਰਤ ਸਰੋਤਾਂ ‘ਤੇ ਹੀ ਭਰੋਸਾ ਕਰਨ।

Share This Article
Leave a Comment