ਕੈਨੇਡਾ ਜਾਣ ਦਾ ਰਾਹ ਹੋਇਆ ਆਸਾਨ? ਹਜ਼ਾਰਾਂ ਕਿਰਤੀਆਂ ਨੂੰ ਮਿਲੀ ਵੱਡੀ ਰਾਹਤ

Global Team
2 Min Read

ਟੋਰਾਂਟੋ: ਕੈਨੇਡਾ ਸਰਕਾਰ ਨੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (LMIA) ਨਾਲ ਸਬੰਧਤ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਮੌਜੂਦਾ ਸਾਲ ਦੌਰਾਨ 8,240 ਕਿਰਤੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਸਭ ਤੋਂ ਵੱਧ ਲਾਭ ਗਲੋਬਲ ਟੈਲੈਂਟ ਸਟ੍ਰੀਮ ਨਾਲ ਜੁੜੇ ਉਮੀਦਵਾਰਾਂ ਨੂੰ ਮਿਲਿਆ ਹੈ, ਜਿਨ੍ਹਾਂ ਲਈ ਸਿਰਫ਼ 8 ਦਿਨਾਂ ਦੇ ਅੰਦਰ LMIA ਜਾਰੀ ਕੀਤੇ ਜਾ ਰਹੇ ਹਨ।

ਸਾਲ 2026 ਲਈ ਇਮੀਗ੍ਰੇਸ਼ਨ ਵਿਭਾਗ ਨੇ 60 ਹਜ਼ਾਰ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ 31 ਫੀਸਦੀ ਘੱਟ ਹੈ। ਪਿਛਲੇ ਸਾਲ ਕਰੀਬ 82 ਹਜ਼ਾਰ ਕਾਮਿਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।

ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੇ ਅਨੁਸਾਰ ਖੇਤੀਬਾੜੀ ਖੇਤਰ ਨਾਲ ਜੁੜੇ LMIA ਲਈ ਉਮੀਦਵਾਰਾਂ ਨੂੰ ਲਗਭਗ 21 ਦਿਨ ਉਡੀਕ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਸੀ ਲਈ LMIA ਦਾ ਉਡੀਕ ਸਮਾਂ ਹੁਣ ਘਟ ਕੇ 140 ਦਿਨ ਰਹਿ ਗਿਆ ਹੈ, ਜਦਕਿ ਫਰਵਰੀ ਵਿੱਚ ਇਹ 240 ਦਿਨ ਤੋਂ ਵੱਧ ਸੀ।

ਘੱਟ ਉਜਰਤ ਵਾਲੀ ਸ਼੍ਰੇਣੀ ਵਿੱਚ LMIA ਲਈ ਉਡੀਕ ਸਮਾਂ 58 ਦਿਨ ਹੋ ਗਿਆ ਹੈ, ਜੋ ਪਹਿਲਾਂ 48 ਦਿਨ ਸੀ। ਉੱਚ ਉਜਰਤ ਵਾਲੀ ਸ਼੍ਰੇਣੀ ਵਿੱਚ ਉਮੀਦਵਾਰਾਂ ਨੂੰ ਕਰੀਬ 64 ਦਿਨ ਉਡੀਕ ਕਰਨੀ ਪੈ ਰਹੀ ਹੈ।

ਸੀਜ਼ਨਲ ਐਗਰੀਕਲਚਰਲ ਵਰਕਰਜ਼ ਪ੍ਰੋਗਰਾਮ ਤਹਿਤ ਸਭ ਤੋਂ ਤੇਜ਼ ਪ੍ਰਕਿਰਿਆ ਕੀਤੀ ਜਾ ਰਹੀ ਹੈ ਅਤੇ ਇਸ ਅਧੀਨ ਸਿਰਫ਼ 10 ਦਿਨਾਂ ਵਿੱਚ LMIA ਜਾਰੀ ਕੀਤੇ ਜਾ ਰਹੇ ਹਨ।

ਕੈਨੇਡਾ ਸਰਕਾਰ ਦੇ ਨਿਯਮਾਂ ਅਨੁਸਾਰ ਸਿਰਫ਼ ਉਨ੍ਹਾਂ ਸ਼ਹਿਰਾਂ, ਕਸਬਿਆਂ ਜਾਂ ਪੇਂਡੂ ਖੇਤਰਾਂ ਲਈ LMIA ਜਾਰੀ ਕੀਤਾ ਜਾ ਰਿਹਾ ਹੈ ਜਿੱਥੇ ਬੇਰੁਜ਼ਗਾਰੀ ਦਰ 6 ਫੀਸਦੀ ਜਾਂ ਇਸ ਤੋਂ ਘੱਟ ਹੈ। ਇੰਪਲੌਇਰ ਉਦੋਂ ਹੀ LMIA ਲਈ ਅਰਜ਼ੀ ਦੇ ਸਕਦਾ ਹੈ ਜਦੋਂ ਉਸ ਨੂੰ ਕੈਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਰੂਪ ਵਿੱਚ ਲੋੜੀਂਦਾ ਕਰਮਚਾਰੀ ਨਾ ਮਿਲੇ।

ਵਿਦੇਸ਼ੀ ਨਾਗਰਿਕ LMIA ਦੇ ਆਧਾਰ ’ਤੇ ਵਰਕ ਪਰਮਿਟ ਲਈ ਅਰਜ਼ੀ ਦੇ ਕੇ ਕੈਨੇਡਾ ਆ ਸਕਦੇ ਹਨ, ਪਰ ਇਹ ਵਰਕ ਪਰਮਿਟ ਆਮ ਤੌਰ ’ਤੇ ਇੱਕ ਹੀ ਇੰਪਲੌਇਰ ਨਾਲ ਜੁੜਿਆ ਹੁੰਦਾ ਹੈ। ਕੈਨੇਡਾ ਪਹੁੰਚਣ ਤੋਂ ਬਾਅਦ ਵਿਅਕਤੀ ਨੂੰ ਵਰਕ ਪਰਮਿਟ ਦੀ ਮਿਆਦ ਅਨੁਸਾਰ ਹੀ ਰਹਿਣਾ ਪਵੇਗਾ ਅਤੇ ਮਿਆਦ ਪੂਰੀ ਹੋਣ ’ਤੇ ਇਸ ਨੂੰ ਵਧਾਉਣਾ ਜਾਂ ਵਾਪਸ ਜਾਣਾ ਲਾਜ਼ਮੀ ਹੋਵੇਗਾ।

Share This Article
Leave a Comment