ਕੋਵਿਡ-19 : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੋਰੋਨਾ ‘ਤੇ ਪਹਿਲੀ ਜਿੱਤ ਮੌਕੇ ਕੀਤੇ ਇਹ ਖਾਸ ਐਲਾਨ

TeamGlobalPunjab
2 Min Read

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਬੀਤੇ ਐਤਵਾਰ ਨੂੰ ਕਿਹਾ ਕਿ ਫਰਾਂਸ ਨੇ ਕੋਰੋਨਾ ਵਾਇਰਸ ਦੇ ਵਿਰੁੱਧ ਪਹਿਲੀ ਜਿੱਤ ਦਰਜ ਕਰ ਲਈ ਹੈ। ਮੈਕਰੋਂ ਨੇ ਐਤਵਾਰ ਨੂੰ ਇੱਕ ਟੀਵੀ ਸੰਦੇਸ਼ ‘ਚ ਫਰਾਂਸ ਦੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸੋਮਵਾਰ ਤੋਂ ਫਰਾਂਸ ‘ਚ ਕਾਰੋਬਾਰ ਮੁੜ ਤੋਂ ਖੁਲ੍ਹਣਗੇ। ਮੈਕਰੋਂ ਨੇ ਕੋਰੋਨਾ ਮਹਾਮਾਰੀ ‘ਤੇ ਪਹਿਲੀ ਜਿੱਤ ਸਬੰਧੀ ਇੱਕ ਐਲਾਨ ‘ਚ ਕਿਹਾ ਕਿ ਫਰਾਂਸ ਅਜੇ ਪੂਰੀ ਤਰ੍ਹਾਂ ਨਾਲ ਕੋਰੋਨਾ ਮਹਾਮਾਰੀ ‘ਤੇ ਜਿੱਤ ਹਾਸਲ ਨਹੀਂ ਕਰ ਸਕਿਆ ਹੈ ਪਰ ਸੋਮਵਾਰ ਤੋਂ ਪੈਰਿਸ ਸਮੇਤ ਮੇਨਲੈਂਡ ਫਰਾਂਸ ਗ੍ਰੀਨ ਜ਼ੋਨ ਦੇ ਅੰਦਰ ਆਉਣਗੇ। ਉਨ੍ਹਾਂ ਕਿਹਾ ਕਿ ਇਸ ਦੇ ਅੰਤਰਗਤ ਪੈਰਿਸ ਵਿਚ ਕੈਫੇ ਅਤੇ ਰੈਸਟੋਰੈਂਟ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ ਅਤੇ ਯੂਰਪ ‘ਚ ਟ੍ਰੈਵਲਿੰਗ ਦੀ ਇਜਾਜ਼ਤ ਵੀ ਹੋਵੇਗੀ ਪਰ ਜਨਤਕ ਥਾਵਾਂ ‘ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।

ਰਾਸ਼ਟਰਪਤੀ ਮੈਕਰੋਂ ਨੇ ਅੱਗੇ ਕਿਹਾ ਕਿ ਸਕੂਲ, ਕਾਲਜ ਅਤੇ ਨਰਸਰੀ 22 ਜੂਨ ਤੋਂ ਆਮ ਵਾਂਗ ਖੁਲ੍ਹ ਜਾਣਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਲੋਕਾਂ ਨੂੰ ਸੋਸ਼ਲ ਡਿਸਟੈੈਂਸਿੰਗ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਮੈਕਰੋਂ ਨੇ ਕਿਹਾ ਕਿ ਸੋਮਵਾਰ ਤੋਂ ਫਰਾਂਸ ਦੇ ਮਯੋਟੀ ਅਤੇ ਗੁਯਾਨਾ ਦੇ ਇਲਾਕੇ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਨੂੰ ਗ੍ਰੀਨ ਜ਼ੋਨ ਐਲਾਨਿਆ ਗਿਆ ਹੈ।

ਦੱਸ ਦਈਏ ਕਿ ਫਰਾਂਸ ਨੇ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ‘ਚ 8 ਹਫਤਿਆਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਸੀ। ਜਿਸ ਨੂੰ ਲਗਭਗ ਇੱਕ ਮਹੀਨਾ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ। ਤਾਲਾਬੰਦੀ ਹਟਾਉਣ ਤੋਂ ਬਾਅਦ ਹੁਣ ਤੱਕ ਕੋਰੋਨਾ ਦੇ ਮਾਮਲਿਆਂ ‘ਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਰਾਸ਼ਟਰਪਤੀ ਮੈਕਰੋਂ ਨੇ ਕਿਹਾ ਕਿ ਸਾਨੂੰ ਵਾਇਰਸ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ। ਸਾਨੂੰ ਹਮੇਸ਼ਾ ਇਸ ਲਈ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਕੋਰੋਨਾ ਮਹਾਮਾਰੀ ਦੇ ਵਿਰੁੱਧ ਅਜੇ ਲੜਾਈ ਖਤਮ ਨਹੀਂ ਹੋਈ ਹੈ।

ਫਰਾਂਸ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 57 ਹਜ਼ਾਰ ਤੋੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 29 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦੋਂ ਕਿ 72 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।

- Advertisement -

Share this Article
Leave a comment