ਜਲੰਧਰ: ਜਲੰਧਰ ਸੈਂਟਰਲ ਹਲਕੇ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਅਤੇ ਫਰੀਦਕੋਟ ਤੋਂ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਅੱਜ ਮੁੜ ਈਡੀ ਸਾਹਮਣੇ ਪੇਸ਼ ਹੋਏ ਹਨ। 2 ਜੂਨ ਨੂੰ ਈਡੀ ਅਧਿਕਾਰੀਆਂ ਨੇ ਵੀ ਅਰੋੜਾ ਤੋਂ ਲਗਭਗ ਨੌਂ ਘੰਟੇ ਪੁੱਛਗਿੱਛ ਕੀਤੀ ਸੀ। ਅਰੋੜਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਲਗਭਗ 2 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ, ਉਹ ਮੀਡੀਆ ਨਾਲ ਗੱਲ ਕੀਤੇ ਬਿਨਾਂ ਆਪਣੇ ਪੁੱਤਰ ਨਾਲ ਚਲੇ ਗਏ।
ਰਮਨ ਅਰੋੜਾ ਜਲੰਧਰ ਸੈਂਟਰਲ ਤੋਂ ਵਿਧਾਇਕ ਹਨ। ਉਨ੍ਹਾਂ ‘ਤੇ ਦੁਕਾਨਾਂ ਅਤੇ ਹੋਰ ਅਦਾਰਿਆਂ ਤੋਂ ਪੈਸੇ ਵਸੂਲਣ ਦਾ ਵੀ ਦੋਸ਼ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਧਾਇਕ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ‘ਤੇ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਫਰੀਦਕੋਟ ਹਲਕੇ ਤੋਂ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਅੱਠ ਦਿਨਾਂ ਵਿੱਚ ਦੂਜੀ ਵਾਰ ਪੇਸ਼ ਹੋਏ। ਦਸਤਾਵੇਜ਼ਾਂ ਦਾ ਇੱਕ ਮੋਟਾ ਬੰਡਲ ਲੈ ਕੇ ਕਿੱਕੀ ਸਵੇਰੇ 11 ਵਜੇ ਦੇ ਕਰੀਬ ਈਡੀ ਦਫ਼ਤਰ ਪਹੁੰਚੇ। ਇਸ ਤੋਂ ਪਹਿਲਾਂ 4 ਜੂਨ ਨੂੰ ਜਲੰਧਰ ਈਡੀ ਵੱਲੋਂ ਉਨ੍ਹਾਂ ਤੋਂ ਨੌਂ ਘੰਟੇ ਪੁੱਛਗਿੱਛ ਕੀਤੀ ਗਈ ਸੀ। ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਈਡੀ ਤੋਂ ਬਾਹਰ ਆਉਣ ‘ਤੇ ਸਾਬਕਾ ਵਿਧਾਇਕ ਨੇ ਕਿਹਾ ਸੀ ਕਿ ਈਡੀ ਨੇ ਉਨ੍ਹਾਂ ਨਾਲ ਸਹਿਯੋਗ ਕੀਤਾ।
ਵਿਜੀਲੈਂਸ ਜਾਂਚ ਦੇ ਅਨੁਸਾਰ, ਕਿੱਕੀ ਢਿੱਲੋਂ ਨੇ 2017 ਤੇ 2022 ਦੇ ਵਿਚਕਾਰ ਲਗਭਗ 10.72 ਕਰੋੜ ਰੁਪਏ ਖਰਚ ਕੀਤੇ, ਜਦੋਂ ਕਿ ਉਨ੍ਹਾਂ ਦੀ ਆਮਦਨ 3.18 ਰੁਪਏ ਕਰੋੜ ਦਰਜ ਕੀਤੀ ਗਈ ਸੀ। ਜਾਂਚ ‘ਚ ਇਲਜ਼ਾਮ ਲੱਗੇ ਕਿ ਉਹ 7.53 ਕਰੋੜ ਰੁਪਏ ਦੇ ਸਰੋਤ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ‘ਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਹ ਮਾਮਲਾ ਇਸ ਸਮੇਂ ਅਦਾਲਤ ‘ਚ ਵਿਚਾਰ ਅਧੀਨ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ, 2017 ਤੋਂ 31 ਮਾਰਚ, 2022 ਤੱਕ ਦੀ ਜਾਂਚ ‘ਚ ਇਹ ਖੁਲਾਸਾ ਹੋਇਆ ਹੈ ਕਿ ਸਾਬਕਾ ਵਿਧਾਇਕ ਦਾ ਖਰਚਾ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਲਗਭਗ 245 ਪ੍ਰਤੀਸ਼ਤ ਵੱਧ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਨੇ ਪਿੰਡ ਮੁਮਰਾ ਤਹਿਸੀਲ ਸਾਦਿਕ, ਜ਼ਿਲ੍ਹਾ ਫਰੀਦਕੋਟ ‘ਚ ਹੋਰ ਵਿਅਕਤੀਆਂ ਦੇ ਨਾਮ ‘ਤੇ ਜਾਇਦਾਦਾਂ ਖਰੀਦੀਆਂ ਸਨ। ਕਿੱਕੀ ਢਿੱਲੋਂ ਤੋਂ ਇਲਾਵਾ, ਇਸ ਮਾਮਲੇ ਦੇ ਸਬੰਧ ‘ਚ ਉਨ੍ਹਾਂ ਦੇ ਦੋ ਸਾਥੀਆਂ – ਗੁਰਸੇਵਕ ਸਿੰਘ ਅਤੇ ਰਾਜਵਿੰਦਰ ਸਿੰਘ ਵਿਰੁੱਧ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ।

