ਇੰਜ. ਪੁੰਨਰਦੀਪ ਸਿੰਘ ਬਰਾੜ ਨੇ PSPCL ਦੇ ਡਾਇਰੈਕਟਰ (ਜਨਰੇਸ਼ਨ) ਵਜੋਂ ਸੰਭਾਲਿਆ ਅਹੁਦਾ

Global Team
2 Min Read

ਪਟਿਆਲਾ : ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਦੇ ਕੁਝ ਦਿਨਾਂ ਬਾਅਦ ਹੀ, ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਦੇ ਇੱਕ ਤਜਰਬੇਕਾਰ ਮਾਹਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੰਜੀਨੀਅਰ (Er) ਪੁਨਰਦੀਪ ਸਿੰਘ ਬਰਾਰ ਨੇ ਅੱਜ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਡਾਇਰੈਕਟਰ/ਜਨਰੇਸ਼ਨ (ਬਿਜਲੀ ਉਤਪਾਦਨ) ਵਜੋਂ ਆਪਣਾ ਅਹੁਦਾ ਸੰਭਾਲਿਆ ਹੈ। ਅਹੁਦੇ ‘ਤੇ ਤਾਇਨਾਤ ਹੋਣ ਤੋਂ ਪਹਿਲਾਂ, ਇੰਜੀਨੀਅਰ ਬਰਾੜ ਲੁਧਿਆਣਾ ਵਿਖੇ ਇੰਜੀਨੀਅਰ-ਇਨ-ਚੀਫ਼ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਪੀ.ਐੱਸ.ਪੀ.ਸੀ.ਐੱਲ. ਵਿੱਚ ਸੇਵਾ ਕਰ ਰਹੇ ਚੀਫ਼ ਇੰਜੀਨੀਅਰਾਂ ਵਿੱਚੋਂ ਸਭ ਤੋਂ ਸੀਨੀਅਰ ਸਨ। ਬਿਜਲੀ ਖੇਤਰ ਵਿੱਚ 34 ਸਾਲਾਂ ਤੋਂ ਵੱਧ ਦੇ ਤਜਰਬੇ ਦੇ ਨਾਲ, ਉਹ ਇਸ ਅਹੁਦੇ ਲਈ ਵਿਆਪਕ ਤਕਨੀਕੀ ਅਤੇ ਪ੍ਰਸ਼ਾਸਨਿਕ ਮਾਹਰਤਾ ਰੱਖਦੇ ਹਨ।

ਇੰਜੀਨੀਅਰ ਬਰਾੜ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਅਤੇ ਇਹ ਜ਼ਿੰਮੇਵਾਰੀ ਸੌਂਪਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸੈਕਟਰੀ ਪਾਵਰ-ਕਮ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.) ਪੀ.ਐੱਸ.ਪੀ.ਸੀ.ਐੱਲ. ਡਾ. ਬਸੰਤ ਗਰਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੀਡਰਸ਼ਿਪ ਵੱਲੋਂ ਜਤਾਏ ਗਏ ਭਰੋਸੇ ’ਤੇ ਖ਼ਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਸੂਬੇ ਦੇ ਬਿਜਲੀ ਉਤਪਾਦਨ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇੰਜੀਨੀਅਰ ਬਰਾਰ ਪਾਵਰਕੌਮ ਦੀ ਉਸ ਵਿਸ਼ੇਸ਼ ਟੀਮ ਦੇ ਵੀ ਮੈਂਬਰ ਰਹੇ ਹਨ, ਜਿਸ ਦਾ ਗਠਨ ਖੇਤੀਬਾੜੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਦਿਨ ਵੇਲੇ ਲਗਾਤਾਰ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਪਾਵਰਕੌਮ ਦੀ ਕਾਰਗੁਜ਼ਾਰੀ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ।

Share This Article
Leave a Comment