ਨਿਊਜ਼ ਡੈਸਕ: ਕਈ ਵਾਰ ਜ਼ਿੰਦਗੀ ਅਤੇ ਮੌਤ ਵਿਚਕਾਰ ਫ਼ਰਕ ਸਿਰਫ਼ ਇੱਕ ਬੂੰਦ ਪਾਣੀ ਦਾ ਹੁੰਦਾ ਹੈ। ਸੋਚੋ, ਇੱਕ ਪਾਸੇ ਬੇਅੰਤ ਰੇਤ ਦਾ ਸਮੁੰਦਰ, ਦੂਜੇ ਪਾਸੇ 50 ਡਿਗਰੀ ਦੇ ਨੇੜ੍ਹੇ ਪਹੁੰਚਦਾ ਤਾਪਮਾਨ, ਤੇ ਵਿਚਾਲੇ ਫਸੇ ਕੁਝ ਲੋਕ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮਦਦ ਆਵੇਗੀ ਜਾਂ ਨਹੀਂ। ਉਸ ਵੇਲੇ ਨਾ ਪੈਸਾ ਕੰਮ ਆਉਂਦਾ ਹੈ, ਨਾ ਤਾਕਤ, ਨਾ ਹੀ ਕੋਈ ਪਛਾਣ। ਕੁਦਰਤ ਦੇ ਸਾਹਮਣੇ ਇਨਸਾਨ ਕਿੰਨਾ ਛੋਟਾ ਹੈ, ਇਸ ਦੀ ਇੱਕ ਦਰਦਨਾਕ ਮਿਸਾਲ ਸਹਾਰਾ ਰੇਗਿਸਤਾਨ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਟਰੱਕ ਖਰਾਬ ਹੋਣ ਕਾਰਨ 49 ਲੋਕਾਂ ਦੀ ਜਾਨ ਲੈ ਲਈ।
ਦੁਨੀਆ ਦੇ ਸਭ ਤੋਂ ਵੱਡੇ ਰੇਗਿਸਤਾਨਾਂ ਵਿੱਚੋਂ ਇੱਕ ਸਹਾਰਾ ਰੇਗਿਸਤਾਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਫ਼ਰੀਕੀ ਦੇਸ਼ ਨਾਈਜਰ ਵਿੱਚ ਇੱਕ ਟਰੱਕ ਖਰਾਬ ਹੋ ਜਾਣ ਕਾਰਨ ਉਸ ਵਿੱਚ ਸਵਾਰ ਲੋਕ ਸੁੰਨੇ ਰੇਗਿਸਤਾਨੀ ਇਲਾਕੇ ਵਿੱਚ ਫਸ ਗਏ। ਪਾਣੀ ਖਤਮ ਹੋ ਜਾਣ ਅਤੇ ਮਦਦ ਨਾ ਮਿਲਣ ਕਾਰਨ 49 ਲੋਕਾਂ ਦੀ ਪਿਆਸ ਨਾਲ ਮੌਤ ਹੋ ਗਈ।
ਇਹ ਸਾਰੇ ਲੋਕ ਮਾਲੀ ਵਿੱਚ ਇੱਕ ਮੁਸਲਿਮ ਧਾਰਮਿਕ ਤਿਉਹਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਯਾਤਰਾ ਦੌਰਾਨ ਉਨ੍ਹਾਂ ਦਾ ਟਰੱਕ ਰਸਤੇ ਵਿੱਚ ਖਰਾਬ ਹੋ ਗਿਆ। ਨਾਈਜਰ ਦੇ ਆਗਾਡੇਜ਼ ਸੂਬੇ ਦੇ ਅਧਿਕਾਰੀਆਂ ਮੁਤਾਬਕ ਇਹ ਘਟਨਾ ਅੱਸਮਾਕਾ ਦੇ ਪੱਛਮ ਵੱਲ ਲਗਭਗ 80 ਕਿਲੋਮੀਟਰ ਦੂਰ ਇੱਕ ਦੂਰ-ਦੁਰਾਡੇ ਰੇਗਿਸਤਾਨੀ ਖੇਤਰ ਵਿੱਚ ਵਾਪਰੀ।
ਪਾਣੀ ਦੀ ਕਮੀ ਨੇ ਲੈ ਲਈਆਂ ਜਾਨਾਂ
ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਖਰਾਬ ਹੋਣ ਤੋਂ ਬਾਅਦ ਡਰਾਈਵਰ, ਉਸ ਦੇ ਸਾਥੀਆਂ ਅਤੇ ਯਾਤਰੀਆਂ ਨੇ ਵਾਹਨ ਨੂੰ ਠੀਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਹ ਸਫਲ ਨਹੀਂ ਹੋ ਸਕੇ। ਇਸ ਦੌਰਾਨ ਉਨ੍ਹਾਂ ਕੋਲ ਮੌਜੂਦ ਪਾਣੀ ਵੀ ਖਤਮ ਹੋ ਗਿਆ।
ਜਿੱਥੇ ਇਹ ਲੋਕ ਫਸੇ ਹੋਏ ਸਨ, ਉਹ ਇਲਾਕਾ ਬਹੁਤ ਗਰਮ ਅਤੇ ਸੁੰਨਾ ਸੀ। ਚਾਰੇ ਪਾਸੇ ਰੇਤ ਹੀ ਰੇਤ ਸੀ ਅਤੇ ਪਾਣੀ ਦਾ ਕੋਈ ਸਰੋਤ ਮੌਜੂਦ ਨਹੀਂ ਸੀ। ਅਜਿਹੇ ਹਾਲਾਤਾਂ ਵਿੱਚ ਜਿਉਂਦਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਅਤੇ ਆਖ਼ਰਕਾਰ 49 ਲੋਕਾਂ ਨੇ ਇੱਕ-ਇੱਕ ਕਰਕੇ ਦਮ ਤੋੜ ਦਿੱਤਾ।
50 ਕਿਲੋਮੀਟਰ ਪੈਦਲ ਤੁਰ ਕੇ ਬਚੇ ਦੋ ਲੋਕ
ਇਸ ਹਾਦਸੇ ਵਿੱਚ ਦੋ ਵਿਅਕਤੀ ਕਿਸੇ ਤਰ੍ਹਾਂ ਜ਼ਿੰਦਾ ਬਚਣ ਵਿੱਚ ਕਾਮਯਾਬ ਰਹੇ। ਉਹ ਪਾਣੀ ਦੀ ਭਾਲ ਵਿੱਚ 50 ਕਿਲੋਮੀਟਰ ਤੋਂ ਵੱਧ ਪੈਦਲ ਤੁਰੇ। ਰਸਤੇ ਵਿੱਚ ਉਨ੍ਹਾਂ ਨੂੰ ਪਾਣੀ ਮਿਲਿਆ ਅਤੇ ਬਾਅਦ ਵਿੱਚ ਉਹ ਅੱਸਮਾਕਾ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ।
ਨਾਈਜਰ ਸਰਕਾਰ ਨੇ ਦੱਸਿਆ ਕਿ ਮਰਨ ਵਾਲਿਆਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਗਿਆ ਹੈ। ਅੱਸਮਾਕਾ ਨਾਈਜਰ ਅਤੇ ਅਲਜੀਰੀਆ ਦਰਮਿਆਨ ਇੱਕ ਮਹੱਤਵਪੂਰਨ ਸਰਹੱਦੀ ਬਿੰਦੂ ਹੈ ਅਤੇ ਮਾਲੀ ਦੀ ਸਰਹੱਦ ਦੇ ਵੀ ਨੇੜੇ ਸਥਿਤ ਹੈ।
ਇਹ ਰੇਗਿਸਤਾਨੀ ਰਸਤਾ ਉਨ੍ਹਾਂ ਲੋਕਾਂ ਵੱਲੋਂ ਵੀ ਵਰਤਿਆ ਜਾਂਦਾ ਹੈ ਜੋ ਅਫ਼ਰੀਕੀ ਦੇਸ਼ਾਂ ਤੋਂ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਖੇਤਰ ਵਿੱਚ ਪਹਿਲਾਂ ਵੀ ਕਈ ਲੋਕ ਭੁੱਖ ਅਤੇ ਪਿਆਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

