ਉੱਤਰ ਭਾਰਤ ‘ਚ ਮੌਸਮ ਨੇ ਬਦਲਿਆ ਮਿਜਾਜ਼! ਪੰਜਾਬ – ਹਰਿਆਣਾ ‘ਚ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ

Global Team
2 Min Read

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਕੁਝ ਦਿਨ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ 4 ਜੂਨ ਤੋਂ 6 ਜੂਨ ਤੱਕ ਕਈ ਇਲਾਕਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਹੈ। ਅਨੁਮਾਨ ਹੈ ਕਿ ਇਸ ਦੌਰਾਨ ਹਵਾ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਪੰਜਾਬ – ਚੰਡੀਗੜ੍ਹ ਵਿੱਚ ਅੱਜ ਤੋਂ ਲੈ ਕੇ 6 ਜੂਨ ਤੱਕ ਮੀਂਹ ਅਤੇ ਹਨ੍ਹੇਰੀ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਬਾਰਸ਼ ਹੋ ਸਕਦੀ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੌਸਮ ਵਿਗਿਆਨ ਕੇਂਦਰ ਮੁਤਾਬਕ, ਦੱਖਣ-ਪੱਛਮੀ ਮਾਨਸੂਨ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। 4 ਜੂਨ ਦੇ ਆਸ-ਪਾਸ ਇਸ ਦੇ ਕੇਰਲ, ਤਾਮਿਲਨਾਡੂ, ਲਕਸ਼ਦੀਪ ਅਤੇ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿੱਚ ਪਹੁੰਚਣ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ। ਉੱਥੇ ਹੀ, ਪੱਛਮੀ ਉੱਤਰ ਪ੍ਰਦੇਸ਼ ਦੇ ਉੱਪਰ ਇੱਕ ਪੱਛਮੀ ਗੜਬੜੀ ਸਰਗਰਮ ਹੈ। ਇਸ ਤੋਂ ਇਲਾਵਾ ਉੱਤਰੀ ਪਾਕਿਸਤਾਨ ਦੇ ਉੱਪਰ ਵੀ ਇੱਕ ਨਵੀਂ ਪੱਛਮੀ ਗੜਬੜੀ ਬਣ ਗਈ ਹੈ।

ਇਸ ਕਾਰਨ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਬਦਲਿਆ ਰਹਿ ਸਕਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਹੋਣ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਹਰਿਆਣਾ ਵਿੱਚ ਵੀ ਮੌਸਮ ਵਿਭਾਗ ਨੇ ਮਿਜਾਜ਼ ਬਦਲਿਆ ਹੈ। ਅੱਜ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਮੌਸਮ ਵਿਭਾਗ ਵੱਲੋਂ ਫ਼ਤਿਹਾਬਾਦ, ਹਿਸਾਰ, ਜੀਂਦ, ਕੈਥਲ, ਸੋਨੀਪਤ, ਪਾਣੀਪਤ, ਰੋਹਤਕ, ਝੱਜਰ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇੱਥੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਨ੍ਹੇਰੀ ਚੱਲਣ ਅਤੇ ਗਰਜ-ਚਮਕ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੀ ਆਸ਼ੰਕਾ ਹੈ। ਇਸ ਤੋਂ ਇਲਾਵਾ ਸਿਰਸਾ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰੇਵਾੜੀ, ਨੂਹ, ਪਲਵਲ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Share This Article
Leave a Comment