ਬ੍ਰੈਂਪਟਨ: ਕੈਨੇਡਾ ਦੇ ਬਰੈਂਪਟਨ ਸਥਿਤ ਇੱਕ ਘਰ ਦੇ ਅੰਦਰੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ 23 ਸਾਲਾ ਪੰਜਾਬੀ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਅਨੁਸਾਰ, ਪੁਲਿਸ ਨੂੰ ਐਤਵਾਰ ਰਾਤ ਕਰੀਬ 8:30 ਵਜੇ ਬਰੈਂਪਟਨ ਦੇ ਕੈਨੇਡੀ ਰੋਡ ਨੌਰਥ ਅਤੇ ਵਿਲੀਅਮਜ਼ ਪਾਰਕਵੇਅ ਇਲਾਕੇ ਵਿੱਚ ਇੱਕ ਘਟਨਾ ਸਬੰਧੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਲਾਕੇ ਵਿੱਚ ਸਥਿਤ ਇੱਕ ਰਿਹਾਇਸ਼ੀ ਘਰ ਦੇ ਅੰਦਰ ਬੱਚਾ ਮ੍ਰਿਤਕ ਹਾਲਤ ਵਿੱਚ ਮਿਲਿਆ।
ਮੁਲਜ਼ਮ ਔਰਤ ‘ਤੇ ਬੱਚੇ ਦੇ ਜਨਮ ਨੂੰ ਛੁਪਾਉਣ ਅਤੇ ਲਾਸ਼ ਨੂੰ ਠਿਕਾਣੇ ਲਗਾਉਣ ਦੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਇਹ ਦੁਖਦਾਈ ਘਟਨਾ 31 ਮਈ ਦੀ ਰਾਤ ਕਰੀਬ 8 ਵਜੇ ਸਾਹਮਣੇ ਆਈ, ਜਦੋਂ ਪੁਲਿਸ ਨੂੰ ਬਰੈਂਪਟਨ ਦੇ ਹੈਨਸਨ ਰੋਡ ‘ਤੇ ਸਥਿਤ ਇੱਕ ਮਕਾਨ ਤੋਂ ਮੈਡੀਕਲ ਐਮਰਜੈਂਸੀ ਦਾ ਫ਼ੋਨ ਆਇਆ। ਇਹ ਇੱਕ ਰੈਂਟਲ ਪ੍ਰਾਪਰਟੀ ਸੀ, ਜਿੱਥੇ ਰਹਿਣ ਵਾਲੇ ਇੱਕ ਕਿਰਾਏਦਾਰ ਨੇ ਨਵਜੰਮੇ ਬੱਚੇ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਜਦੋਂ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚੀਆਂ, ਤਾਂ ਉਨ੍ਹਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਨਵਜੰਮੇ ਬੱਚੇ ਦੀ ਲਾਸ਼ ਨੂੰ ਇਸ ਹਾਲਤ ਵਿੱਚ ਦੇਖ ਕੇ ਉੱਥੇ ਪਹੁੰਚੇ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਜਿਸ ਵੇਲੇ ਪੁਲਿਸ ਉਸ ਘਰ ਵਿੱਚ ਪਹੁੰਚੀ, ਬੱਚੇ ਨੂੰ ਜਨਮ ਦੇਣ ਵਾਲੀ 23 ਸਾਲਾ ਮਾਂ ਸਿਮਰਨ ਕੌਰ ਉੱਥੇ ਮੌਜੂਦ ਨਹੀਂ ਸੀ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤਬੀਅਤ ਬਹੁਤ ਜ਼ਿਆਦਾ ਵਿਗੜਨ ਕਾਰਨ ਉਹ ਖੁਦ ਇਲਾਜ ਲਈ ਨੇੜੇ ਦੇ ਇੱਕ ਸਥਾਨਕ ਹਸਪਤਾਲ ਚਲੀ ਗਈ ਸੀ।
ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਹਸਪਤਾਲ ਪਹੁੰਚ ਕੇ ਸਿਮਰਨ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਉਸਨੂੰ ਜ਼ਮਾਨਤ ਦੀ ਸੁਣਵਾਈ ਤੱਕ ਪੁਲਿਸ ਹਿਰਾਸਤ ਵਿੱਚ ਹੀ ਰੱਖਿਆ ਜਾਵੇਗਾ। ਪੁਲਿਸ ਇਸ ਮਾਮਲੇ ਦੀ ਬਹੁਤ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੱਚਾ ਜਨਮ ਦੇ ਸਮੇਂ ਜ਼ਿੰਦਾ ਸੀ ਜਾਂ ਉਹ ਮ੍ਰਿਤਕ ਹੀ ਪੈਦਾ ਹੋਇਆ ਸੀ? ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦਾ ਪਤਾ ਵੀ ਲਗਾ ਰਹੀ ਹੈ ਕਿ ਇਸ ਪੂਰੀ ਘਟਨਾ ਵਿੱਚ ਸਿਮਰਨ ਕੌਰ ਇਕੱਲੀ ਸੀ ਜਾਂ ਕੋਈ ਹੋਰ ਵੀ ਇਸ ਵਿੱਚ ਸ਼ਾਮਲ ਸੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

