ਨਿਊਜ਼ ਡੈਸਕ: 18 ਸਾਲਾਂ ਤੱਕ ਸਰਕਾਰੀ ਨੌਕਰੀ ਦੀ ਉਡੀਕ ਕਰਨ ਵਾਲੇ ਇੱਕ ਉਮੀਦਵਾਰ ਨੂੰ ਆਖ਼ਿਰਕਾਰ ਨਿਯੁਕਤੀ ਪੱਤਰ ਤਾਂ ਮਿਲ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਨੌਕਰੀ ਕਰਨ ਦੀ ਉਮਰ ਹੀ ਲੰਘ ਚੁੱਕੀ ਸੀ। ਪ੍ਰੀਖਿਆ ਪਾਸ ਕਰਨ ਅਤੇ ਮੈਰਿਟ ਲਿਸਟ ਵਿੱਚ ਉੱਚ ਸਥਾਨ ਹਾਸਲ ਕਰਨ ਦੇ ਬਾਵਜੂਦ ਉਹ ਸਾਲਾਂ ਤੱਕ ਨਿਯੁਕਤੀ ਦੀ ਉਡੀਕ ਕਰਦੇ ਰਹੇ। ਜਦੋਂ ਸਰਕਾਰ ਵੱਲੋਂ ਅਪਾਇੰਟਮੈਂਟ ਲੈਟਰ ਆਇਆ, ਤਦੋਂ ਉਹ 60 ਸਾਲ ਦੀ ਉਮਰ ਪਾਰ ਕਰ ਚੁੱਕੇ ਸੀ।
2005 ਵਿੱਚ ਦਿੱਤੀ ਸੀ ਪ੍ਰੀਖਿਆ, ਮੈਰਿਟ ਲਿਸਟ ਵਿੱਚ ਸੀ ਨਾਮ
ਇਹ ਮਾਮਲਾ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਨਾਲ ਸਬੰਧਤ ਹੈ। ਅਬਦੁਲ ਮਜੀਦ ਨੇ 2005 ਵਿੱਚ ਕੇਰਲ ਲੋਕ ਸੇਵਾ ਆਯੋਗ (PSC) ਦੀ ਪ੍ਰੀਖਿਆ ਅਰਧਕਾਲੀਨ ਜੂਨੀਅਰ ਭਾਸ਼ਾ ਅਧਿਆਪਕ (ਅਰਬੀ) ਦੇ ਅਹੁਦੇ ਲਈ ਦਿੱਤੀ ਸੀ। ਉਨ੍ਹਾਂ ਦਾ ਨਾਮ ਮੈਰਿਟ ਲਿਸਟ ਵਿੱਚ ਸ਼ਾਮਲ ਹੋਇਆ ਅਤੇ ਉਹ ਦੂਜੇ ਸਥਾਨ ‘ਤੇ ਰਹੇ।
ਹਾਲਾਂਕਿ ਭਰਤੀ ਪ੍ਰਕਿਰਿਆ ਅੱਗੇ ਨਾ ਵਧ ਸਕੀ ਅਤੇ ਮਜੀਦ ਲੰਬੇ ਸਮੇਂ ਤੱਕ ਉਡੀਕ ਕਰਦਾ ਰਿਹਾ। 2008 ਵਿੱਚ ਮੈਰਿਟ ਲਿਸਟ ਦੀ ਮਿਆਦ ਵੀ ਖ਼ਤਮ ਹੋ ਗਈ। ਆਮ ਤੌਰ ‘ਤੇ ਇਸ ਤੋਂ ਬਾਅਦ ਉਮੀਦਵਾਰਾਂ ਦੀਆਂ ਉਮੀਦਾਂ ਵੀ ਮੁੱਕ ਜਾਂਦੀਆਂ ਹਨ, ਪਰ ਖਾਲੀ ਅਸਾਮੀਆਂ ਅਤੇ ਯੋਗ ਉਮੀਦਵਾਰਾਂ ਦੀ ਘਾਟ ਕਾਰਨ ਇਸ ਭਰਤੀ ਪ੍ਰਕਿਰਿਆ ਨੂੰ ਕਈ ਸਾਲਾਂ ਬਾਅਦ ਮੁੜ ਸ਼ੁਰੂ ਕੀਤਾ ਗਿਆ।
2026 ਵਿੱਚ ਮਿਲਿਆ ਨਿਯੁਕਤੀ ਪੱਤਰ, ਪਰ ਉਮਰ ਬਣੀ ਰੁਕਾਵਟ
ਅਬਦੁਲ ਮਜੀਦ ਨੂੰ 26 ਅਪ੍ਰੈਲ 2026 ਨੂੰ ਲੋਕ ਸੇਵਾ ਆਯੋਗ ਦੇ ਦਫ਼ਤਰ ਤੋਂ ਇੱਕ ਪੱਤਰ ਮਿਲਿਆ। ਇਸ ਵਿੱਚ ਉਸ ਨੂੰ ਤਿੰਨ ਮਹੀਨਿਆਂ ਅੰਦਰ ਨੌਕਰੀ ਜੁਆਇਨ ਕਰਨ ਲਈ ਕਿਹਾ ਗਿਆ ਸੀ। ਪਰ ਸਰਕਾਰੀ ਰਿਕਾਰਡ ਮੁਤਾਬਕ ਉਸ ਦੀ ਉਮਰ ਉਸ ਵੇਲੇ 60 ਸਾਲ ਹੋ ਚੁੱਕੀ ਸੀ, ਜਿਸ ਕਾਰਨ ਉਹ ਨੌਕਰੀ ਸੰਭਾਲਣ ਦੇ ਯੋਗ ਨਹੀਂ ਰਹੇ।
ਮਜੀਦ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਪੱਤਰ 2010 ਦੇ ਆਸ-ਪਾਸ ਮਿਲ ਜਾਣਾ ਚਾਹੀਦਾ ਸੀ, ਪਰ ਇਹ ਲਗਭਗ 16 ਸਾਲ ਦੀ ਦੇਰੀ ਨਾਲ ਪਹੁੰਚਿਆ। ਉਸ ਨੇ ਇਸ ਲਈ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਜਨਮ ਮਿਤੀ ਦੀ ਗਲਤੀ ਸੁਧਰੀ ਤਾਂ ਮਿਲ ਸਕਦੀ ਹੈ ਰਾਹਤ
ਮਜੀਦ ਦੇ ਅਨੁਸਾਰ ਉਸ ਦੀ ਸਕੂਲੀ ਮਾਰਕਸ਼ੀਟ ਵਿੱਚ ਜਨਮ ਮਿਤੀ 27 ਮਈ 1966 ਦਰਜ ਹੈ, ਜਦਕਿ ਉਸ ਦਾ ਦਾਅਵਾ ਹੈ ਕਿ ਅਸਲ ਜਨਮ ਮਿਤੀ 27 ਮਈ 1967 ਹੈ। ਉਸ ਨੂੰ ਉਮੀਦ ਹੈ ਕਿ ਜੇ ਇਹ ਗਲਤੀ ਠੀਕ ਹੋ ਜਾਵੇ ਤਾਂ ਉਹ ਘੱਟੋ-ਘੱਟ ਇੱਕ ਸਾਲ ਲਈ ਸਰਕਾਰੀ ਨੌਕਰੀ ਕਰ ਸਕੇਗਾ। ਇਸ ਸਬੰਧੀ ਉਸ ਨੇ ਸਿੱਖਿਆ ਮੰਤਰੀ ਕੋਲ ਵੀ ਰਾਹਤ ਦੀ ਅਪੀਲ ਕੀਤੀ ਹੈ।

