Amazon ਅਧਿਕਾਰੀ ਬਣ ਕੇ ਅਮਰੀਕੀਆਂ ਨੂੰ ਹਰਿਆਣਾ ‘ਚ ਬੈਠ ਕੇ ਇੰਝ ਲੁੱਟਦੇ ਸੀ ਨੌਜਵਾਨ, 21 ਕਾਬੂ

Global Team
3 Min Read

ਚੰਡੀਗੜ੍ਹ: ਪੰਚਕੂਲਾ ਪੁਲਿਸ ਨੇ ਦੇਰ ਰਾਤ ਵੱਡੀ ਕਾਰਵਾਈ ਕਰਦਿਆਂ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜੋ ਕਥਿਤ ਤੌਰ ‘ਤੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਸਾਈਬਰ ਠੱਗੀ ਕਰ ਰਿਹਾ ਸੀ। ਇਹ ਛਾਪੇਮਾਰੀ ਸੈਕਟਰ-2 ਮਾਰਕੀਟ ਸਥਿਤ ਇੱਕ ਦਫ਼ਤਰ ਵਿੱਚ ਕੀਤੀ ਗਈ, ਜੋ ਮੰਗਲਵਾਰ ਸਵੇਰੇ ਤੱਕ ਚੱਲੀ।

ਕਾਰਵਾਈ ਦੌਰਾਨ ਪੁਲਿਸ ਨੇ 21 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚੋਂ 4 ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ 19 ਕੰਪਿਊਟਰ, 3 ਲੈਪਟਾਪ, 11.30 ਲੱਖ ਰੁਪਏ ਨਕਦ, 3 ਵਾਕੀ-ਟਾਕੀ, 16 ਮੋਬਾਈਲ ਹੈਂਡਸੈੱਟ, 2 ਵਾਈ-ਫਾਈ ਰਾਊਟਰ, ਨੋਟ ਗਿਣਨ ਵਾਲੀ ਮਸ਼ੀਨ, 3 ਪੀਓਐੱਸ ਮਸ਼ੀਨਾਂ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਹਨ।

ਅਮੇਜ਼ਾਨ ਅਧਿਕਾਰੀ ਬਣ ਕੇ ਕਰਦੇ ਸਨ ਠੱਗੀ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਆਪਣੇ ਆਪ ਨੂੰ ਅਮੇਜ਼ਾਨ ਕਸਟਮਰ ਕੇਅਰ ਅਧਿਕਾਰੀ ਦੱਸ ਕੇ ਅਮਰੀਕੀ ਨਾਗਰਿਕਾਂ ਨੂੰ ਫੋਨ ਕਰਦੇ ਸਨ। ਗੱਲਬਾਤ ਦੌਰਾਨ ਉਹ ਲੋਕਾਂ ਤੋਂ ਉਨ੍ਹਾਂ ਦੇ ਕ੍ਰੈਡਿਟ ਕਾਰਡ ਅਤੇ ਹੋਰ ਗੁਪਤ ਜਾਣਕਾਰੀਆਂ ਹਾਸਲ ਕਰ ਲੈਂਦੇ ਸਨ। ਬਾਅਦ ਵਿੱਚ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕਰਕੇ ਠੱਗੀ ਨੂੰ ਅੰਜਾਮ ਦਿੱਤਾ ਜਾਂਦਾ ਸੀ।

ਅਮਰੀਕੀ ਸਮੇਂ ਮੁਤਾਬਕ ਚੱਲਦਾ ਸੀ ਕਾਲ ਸੈਂਟਰ

ਪੁਲਿਸ ਮੁਤਾਬਕ ਇਹ ਕਾਲ ਸੈਂਟਰ ਅਮਰੀਕੀ ਸਮੇਂ ਦੇ ਅਨੁਸਾਰ ਚਲਾਇਆ ਜਾਂਦਾ ਸੀ। ਸ਼ਾਮ ਕਰੀਬ 7 ਵਜੇ ਕੰਮ ਸ਼ੁਰੂ ਹੁੰਦਾ ਅਤੇ ਰਾਤ 3 ਵਜੇ ਤੱਕ ਜਾਰੀ ਰਹਿੰਦਾ ਸੀ। ਇਸ ਨੈੱਟਵਰਕ ਵਿੱਚ ਕੰਮ ਕਰਨ ਲਈ ਅੰਗਰੇਜ਼ੀ ਬੋਲਣ ਵਾਲੇ 20 ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ‘ਤੇ ਰੱਖਿਆ ਗਿਆ ਸੀ।

ਉਨ੍ਹਾਂ ਨੂੰ 20 ਤੋਂ 25 ਹਜ਼ਾਰ ਰੁਪਏ ਤੱਕ ਤਨਖਾਹ ਦਿੱਤੀ ਜਾਂਦੀ ਸੀ ਅਤੇ ਵਿਦੇਸ਼ੀ ਨਾਗਰਿਕਾਂ ਨਾਲ ਗੱਲਬਾਤ ਕਰਨ ਲਈ ਇੱਕ ਹਫ਼ਤੇ ਤੋਂ 10 ਦਿਨ ਤੱਕ ਖਾਸ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ।

ਵਕੀਲ ਅਤੇ RSO ਮੈਂਬਰ ‘ਤੇ ਨੈੱਟਵਰਕ ਚਲਾਉਣ ਦੇ ਦੋਸ਼

ਮਾਮਲੇ ਵਿੱਚ ਨਵਦੀਪ, ਅਕਸ਼ੈ ਟਿੱਕੂ, ਰਜ਼ਾ ਅਤੇ ਅੰਕੁਰ ਕਪੂਰ ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਵਕੀਲ ਨਵਦੀਪ ਅਤੇ ਰੋਡ ਸੇਫਟੀ ਆਰਗੇਨਾਈਜ਼ੇਸ਼ਨ (RSO) ਨਾਲ ਜੁੜਿਆ ਅੰਕੁਰ ਕਪੂਰ ਇਸ ਪੂਰੇ ਨੈੱਟਵਰਕ ਦੀ ਦੇਖਭਾਲ ਕਰਦੇ ਸਨ।

ਜਾਂਚ ਏਜੰਸੀਆਂ ਹੁਣ ਇਸ ਗਿਰੋਹ ਦੇ ਹੋਰ ਸੰਭਾਵਿਤ ਲਿੰਕਾਂ ਅਤੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰ ਰਹੀਆਂ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਲਈ ਰਿਮਾਂਡ ਮੰਗਿਆ ਜਾ ਸਕਦਾ ਹੈ।

Share This Article
Leave a Comment