ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।ਪੰਜਾਬ ਪੁਲਿਸ ਨੇ ਬਿਕਰਮ ਮਜੀਠੀਆ ਖਿਲਾਫ਼ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਕੀਤਾ ਹੈ। ਹੁਣ ਮਜੀਠੀਆ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾ ਸਕਣਗੇ। ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਨੂੰ ਫੜਨ ਲਈ 12 ਟੀਮਾਂ ਬਣਾਈਆਂ ਹਨ। ਸੋਮਵਾਰ ਨੂੰ ਅੰਮ੍ਰਿਤਸਰ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਮਜੀਠੀਆ ਦੀ ਭਾਲ ਕੀਤੀ ਗਈ।
ਪੁਲਿਸ ਅਨੁਸਾਰ, ਮਜੀਠੀਆ ਅਤੇ ਉਸ ਦੇ ਸਾਥੀਆਂ ਖਿਲਾਫ ਕੱਲ੍ਹ (31 ਮਈ) ਨੂੰ ਮਜੀਠਾ ਪੁਲਿਸ ਸਟੇਸ਼ਨ ਤੋਂ ਆਪਣੇ ਸਾਥੀ ਨੂੰ ਜ਼ਬਰਦਸਤੀ ਛੁਡਾਉਣ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਮਜੀਠੀਆ ਦੇ ਘਰ ਦੇ ਬਾਹਰ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ, ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ, ਚੰਡੀਗੜ੍ਹ ਦੇ ਐਮਐਲਏ ਹੋਸਟਲ ਅਤੇ ਛੇ ਹੋਰ ਥਾਵਾਂ ‘ਤੇ ਤਲਾਸ਼ੀ ਕੀਤੀ ਗਈ ਹੈ।
ਇਸ ਦੌਰਾਨ, ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨ ‘ਤੇ ਕੱਲ੍ਹ ਸੁਣਵਾਈ ਹੋਵੇਗੀ। ਮਾਮਲੇ ਦੀ ਸੁਣਵਾਈ ਤੋਂ ਪਹਿਲਾਂ, ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ, ਅੰਮ੍ਰਿਤਸਰ ਦੇ ਐਸਐਸਪੀ ਅਤੇ ਮਜੀਠੀਆ ਥਾਣੇ ਦੇ ਐਸਐਚਓ ਤੋਂ ਜਵਾਬ ਮੰਗੇ ਹਨ।

