ਅੰਮ੍ਰਿਤਸਰ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਐੱਸ. ਸੀ. ਭਾਈਚਾਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ।ਉਨ੍ਹਾਂ ਕਿਹਾ, “ਮੈਂ ਸਭ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮਾਫ਼ੀ ਮੰਗਦਾ ਹਾਂ। ਉਸ ਵੇਲੇ ਹਾਲਾਤ ਜੋ ਵੀ ਸਨ, ਉਹ ਵੱਖਰੀ ਗੱਲ ਹੈ ਪਰ ਇੱਕ ਮੰਤਰੀ ਹੋਣ ਦੇ ਨਾਤੇ ਮੇਰੇ ਮੂੰਹੋਂ ਜੋ ਸ਼ਬਦ ਨਿਕਲੇ, ਉਹ ਠੀਕ ਨਹੀਂ ਸਨ। ਮੈਂ ਉਨ੍ਹਾਂ ਲਈ ਖੇਦ ਪ੍ਰਗਟ ਕਰਦਾ ਹਾਂ।
ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨਕ ਸੰਸਥਾਵਾਂ ਦਾ ਸਨਮਾਨ ਕਰਦਾ ਹਾਂ। ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਵਿੱਚ ਐੱਸਸੀ ਭਾਈਚਾਰੇ ਦੇ ਪ੍ਰੋਗਰਾਮਾਂ ਵਿੱਚ ਬਹੁਤ ਸ਼ਰਧਾ ਨਾਲ ਸ਼ਾਮਲ ਹੁੰਦੇ ਆਏ ਹਨ ਅਤੇ ਉਨ੍ਹਾਂ ਦੇ ਦਿਲ ਵਿੱਚ ਕਿਸੇ ਵੀ ਭਾਈਚਾਰੇ ਲਈ ਕੋਈ ਮੰਦਭਾਵਨਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਐੱਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਅਤੇ ਮੁਆਫੀ ਮੰਗਣਗੇ।
ਜੇਕਰ ਕਮਿਸ਼ਨ ਮੈਨੂੰ ਬੁਲਾ ਕੇ ਸਪਸ਼ਟੀਕਰਨ ਮੰਗਦਾ ਹੈ ਤਾਂ ਮੈਂ ਨਿੱਜੀ ਰੂਪ ਨਾਲ ਪੇਸ਼ ਹੋਵਾਂਗਾ ਅਤੇ ਲੋੜ ਪਈ ਤਾਂ ਲਿਖਤੀ ਰੂਪ ਨਾਲ ਵੀ ਮੁਆਫ਼ੀ ਦੇਵਾਂਗਾ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ।

