ਲੰਡਨ : ਬ੍ਰਿਟੇਨ ‘ਚ ਇਕ ਪੰਜਾਬੀ ਨੌਜਵਾਨ ਤਨਵੀਰ ਸਿੰਘ ਨੂੰ 29 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਉਸ ਨੂੰ ਇਹ ਸਜਾ ਇੱਕ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਅਤੇ ਲਾਸ਼ ਨੂੰ ਸੜਕ ਕਿਨਾਰੇ ਸੁੱਟਣ ਦੇ ਦੋਸ਼ ‘ਚ ਸੁਣਾਈ ਗਈ ਹੈ।
ਦਰਅਸਲ, ਪਿਛਲੇ ਸਾਲ ਅਗਸਤ ਵਿੱਚ ਸਮੈਥਵਿਕ ਇਲਾਕੇ ਵਿੱਚ ਇੱਕ ਰਾਹਗੀਰ ਨੂੰ ਔਰਤ ਦੀ ਲਾਸ਼ ਮਿਲੀ ਸੀ। 32 ਸਾਲਾ ਤਨਵੀਰ ਸਿੰਘ ‘ਤੇ 41 ਸਾਲਾ ਸ਼ਾਰਾ ਮਿਲਰ ਦੇ ਕਤਲ ਦਾ ਦੋਸ਼ ਲੱਗਿਆ।ਵੋਲਵਰਹੈਂਪਟਨ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਉਂਦੇ ਹੋਏ ਜੱਜ ਮਾਈਕਲ ਚੈਂਬਰਸ ਨੇ ਤਨਵੀਰ ਸਿੰਘ ਨੂੰ ‘ਚਲਾਕ ਅਤੇ ਬੇਰਹਿਮ’ ਵਿਅਕਤੀ ਦੱਸਿਆ, ਜਿਸ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ।
ਵੈਸਟ ਮਿਡਲੈਂਡਸ ਪੁਲਿਸ ਦੇ ਇੰਟੈਲੀਜੈਂਸ ਇੰਸਪੈਕਟਰ ਜੋ ਡੇਵਨਪੋਰਟ ਨੇ ਕਿਹਾ ਕਿ ਘਟਨਾ ਵਾਲੀ ਰਾਤ ਤਨਵੀਰ ਇੱਕ ਪੱਬ ਵਿੱਚ ਸ਼ਰਾਬ ਪੀ ਰਿਹਾ ਸੀ ਅਤੇ ਬਾਅਦ ਵਿੱਚ ਸੈਕਸ ਵਰਕਰਾਂ ਦੀ ਭਾਲ ਵਿੱਚ ਸੋਹੋ ਰੋਡ ਗਿਆ। ਇਸ ਤੋਂ ਬਾਅਦ ਉਸ ਨੇ ਸ਼ਾਰਾ ਨੂੰ ਆਪਣੀ ਵੈਨ ਵਿੱਚ ਬਿਠਾਇਆ, ਜਿੱਥੇ ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ।
ਇਸੇ ਮਹੀਨੇ ਦੇ ਸ਼ੁਰੂ ਵਿੱਚ ਵੋਲਵਰਹੈਂਪਟਨ ਕਰਾਊਨ ਕੋਰਟ ਦੀ ਜਿਊਰੀ ਨੇ ਤਨਵੀਰ ਨੂੰ ਸ਼ਾਰਾ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ। ਦੋ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਕਿ ਸ਼ਾਰਾ ਦੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਫੋਰੈਂਸਿਕ ਪੋਸਟਮਾਰਟਮ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਪਾਇਆ ਗਿਆ।
ਵੈਸਟ ਮਿਡਲੈਂਡਸ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰਕੇ ਸੀਸੀਟੀਵੀ ਫੁਟੇਜ ਖੰਗਾਲੀ, ਜਿਸ ਵਿੱਚ ਮੁਲਜ਼ਮ ਇੱਕ ਚਿੱਟੇ ਰੰਗ ਦੀ ਵੈਨ ਵਿੱਚੋਂ ਸ਼ਾਰਾ ਦੀ ਲਾਸ਼ ਨੂੰ ਕੱਢ ਕੇ ਫੁੱਟਪਾਥ ‘ਤੇ ਸੁੱਟਦਾ ਅਤੇ ਲਾਸ਼ ਉੱਤੇ ਕੋਈ ਤਰਲ ਪਦਾਰਥ ਛਿੜਕਦਾ ਦੇਖਿਆ ਗਿਆ।
ਇਸ ਤੋਂ ਇਲਾਵਾ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਵੈਨ ਇੱਕ ਕਿਰਾਏ ਦੀ ਕੰਪਨੀ ਦੇ ਨਾਮ ‘ਤੇ ਰਜਿਸਟਰਡ ਸੀ ਅਤੇ ਪਾਰਸਲ ਡਿਲੀਵਰੀ ਲਈ ਵਰਤੀ ਜਾ ਰਹੀ ਸੀ। ਵਾਰਦਾਤ ਦੇ ਸਮੇਂ ਵੈਨ ਤਨਵੀਰ ਸਿੰਘ ਦੇ ਕਬਜ਼ੇ ਵਿੱਚ ਸੀ। ਪੁਲਿਸ ਅਧਿਕਾਰੀਆਂ ਨੇ ਸਿੰਘ ਦੇ ਵੈਸਟ ਬ੍ਰੋਮਵਿਚ ਸਥਿਤ ਪਤੇ ਦੀ ਤਲਾਸ਼ੀ ਲਈ ਅਤੇ ਬਾਅਦ ਵਿੱਚ ਉਸਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

