ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਚਾਰ ਦਿਨਾਂ ਭਾਰਤ ਦੌਰੇ ‘ਤੇ, ਐੱਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਅਤੇ ‘ਕੁਆਡ’ ਬੈਠਕ ‘ਚ ਲੈਣਗੇ ਹਿੱਸਾ

Global Team
3 Min Read

ਨਵੀ ਦਿੱਲੀ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਤੋਂ ਚਾਰ ਦਿਨਾਂ ਦੇ ਭਾਰਤ ਦੌਰੇ ‘ਤੇ ਹਨ। ਉਹ ਅੱਜ ਸਵੇਰੇ ਕੋਲਕਾਤਾ ਪਹੁੰਚੇ। ਇਹ ਉਹਨਾਂ ਦਾ ਪਹਿਲਾ ਭਾਰਤ ਦੌਰਾ ਹੈ। ਉਹਨਾਂ ਦੇ ਇਸ ਦੌਰੇ ਨੂੰ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਭਾਰਤ ਵਿੱਚ ਅਮਰੀਕੀ ਰਾਜਦੂਤ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਭਾਰਤ ਦੌਰੇ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਕੋਲਕਾਤਾ ਸਥਿਤ ਮਦਰ ਟੈਰੇਸਾ ਹਾਊਸ ਆਫ਼ ਦਿ ਮਿਸ਼ਨਰੀਜ਼ ਆਫ਼ ਚੈਰਿਟੀ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਨਾਲ ਮੌਜੂਦ ਰਹੀ। ਦੌਰੇ ਤੋਂ ਬਾਅਦ ਦੋਵੇਂ ਮਿਸ਼ਨਰੀਜ਼ ਆਫ਼ ਚੈਰਿਟੀ ਕੰਪਲੈਕਸ ਤੋਂ ਰਵਾਨਾ ਹੋਏ। ਇਸ ਮੌਕੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਵੀ ਉਹਨਾਂ ਦੇ ਨਾਲ ਮੌਜੂਦ ਸਨ। ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਦੇ ਕੋਲਕਾਤਾ ਪਹੁੰਚਣ ‘ਤੇ ਮਿਸ਼ਨਰੀਜ਼ ਆਫ਼ ਚੈਰਿਟੀ ਮਦਰ ਹਾਊਸ ਅਤੇ ਮਦਰ ਟੈਰੇਸਾ ਚਿਲਡਰਨਜ਼ ਹਾਊਸ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ।

ਇਸ ਤੋਂ ਬਾਅਦ ਮਾਰਕੋ ਰੂਬੀਓ ਆਪਣੀ ਪਤਨੀ ਜੀਨੇਟ ਡੀ. ਰੂਬੀਓ ਨਾਲ ਕੋਲਕਾਤਾ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ। ਰਵਾਨਾ ਹੋਣ ਤੋਂ ਪਹਿਲਾਂ ਵਿਦੇਸ਼ ਮੰਤਰੀ ਰੂਬੀਓ ਨੇ ਏਅਰਪੋਰਟ ‘ਤੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਏਅਰਪੋਰਟ ਸਟਾਫ਼ ਨਾਲ ਇੱਕ ਗਰੁੱਪ ਫ਼ੋਟੋ ਖਿਚਵਾਈ।

ਭਲਕੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਦੌਰਾਨ ਦੋਵੇਂ ਆਗੂ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ​​ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨਗੇ। ਅਧਿਕਾਰੀਆਂ ਅਨੁਸਾਰ, ਜੈਸ਼ੰਕਰ ਅਤੇ ਰੂਬੀਓ ਵਿਚਾਲੇ ਹੋਣ ਵਾਲੀ ਗੱਲਬਾਤ ਵਿੱਚ ਊਰਜਾ, ਵਪਾਰ, ਨਿਵੇਸ਼, ਮਹੱਤਵਪੂਰਨ ਤਕਨਾਲੋਜੀ ਅਤੇ ਲੋਕਾਂ ਵਿਚਾਲੇ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਦੇ ਉਪਾਅ ਆਦਿ ਮੁੱਖ ਮੁੱਦੇ ਹੋਣਗੇ। ਦੋਵਾਂ ਪੱਖਾਂ ਵੱਲੋਂ ਪੱਛਮੀ ਏਸ਼ੀਆ ਸੰਕਟ ਅਤੇ ਉਸ ਦੇ ਆਰਥਿਕ ਪ੍ਰਭਾਵਾਂ, ਵਿਸ਼ੇਸ਼ ਤੌਰ ‘ਤੇ ਊਰਜਾ ਸਪਲਾਈ ‘ਤੇ ਵੀ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਉਮੀਦ ਹੈ।

ਦੱਸ ਦਈਏ ਕਿ ਹਿਲੇਰੀ ਕਲਿੰਟਨ ਤੋਂ ਬਾਅਦ ਉਹ ਦੂਜੇ ਅਮਰੀਕੀ ਵਿਦੇਸ਼ ਮੰਤਰੀ ਹਨ, ਜੋ ਕੋਲਕਾਤਾ ਆਏ ਹਨ। 2012 ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਤਤਕਾਲੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਕੋਲਕਾਤਾ ਪਹੁੰਚੀ ਸੀ ਅਤੇ ਮੁੱਖ ਮੰਤਰੀ ਮਮਤਾ ਬਨਰਜੀ ਨਾਲ ਵੀ ਮੁਲਾਕਾਤ ਕੀਤੀ ਸੀ।

ਅਮਰੀਕੀ ਵਿਦੇਸ਼ ਮੰਤਰੀ ਕੁਆਡ (Quad) ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਲਈ ਭਾਰਤ ਯਾਤਰਾ ‘ਤੇ ਆਏ ਹਨ, ਜੋ 26 ਮਈ, 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਹੈ। ਮਾਰਕੋ ਰੂਬੀਓ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਵੱਲੋਂ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਸੋਮਵਾਰ ਨੂੰ ਉਹ ਆਗਰਾ ਅਤੇ ਜੈਪੁਰ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣਗੇ।

Share This Article
Leave a Comment