ਨਿਊਜ਼ ਡੈਸਕ: ਉੱਤਰੀ ਭਾਰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ। ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪਣੇ ਪੱਧਰ ‘ਤੇ ਅਲਰਟ ਜਾਰੀ ਕੀਤਾ ਹੈ। ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਵੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਰਾਹਤ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਮਾਨਸੂਨ ਕਦੋਂ ਆਉਣ ਵਾਲਾ ਹੈ?
ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਦੇ 26 ਮਈ ਨੂੰ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਆਈਐਮਡੀ ਨੇ ਇਹ ਵੀ ਕਿਹਾ ਕਿ ਮਾਨਸੂਨ ਦੇ ਆਉਣ ਦੀ ਤਰੀਕ ਵਿੱਚ ਚਾਰ ਦਿਨਾਂ ਦਾ ਫਰਕ ਹੋ ਸਕਦਾ ਹੈ। ਆਈਐਮਡੀ ਨੇ ਕਿਹਾ ਕਿ ਅਗਲੇ 5 ਦਿਨਾਂ ਵਿੱਚ ਕੇਰਲ ਅਤੇ ਮਾਹੇ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਿਕ ਅਜਿਹਾ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ‘ਤੇ ਚੱਕਰਵਾਤੀ ਚੱਕਰ ਆਉਣ ਕਾਰਨ ਹੋ ਸਕਦਾ ਹੈ, ਜਿਸ ਕਾਰਨ ਕੇਰਲ, ਦੱਖਣੀ ਅੰਦਰੂਨੀ ਕਰਨਾਟਕ, ਰਾਇਲਸੀਮਾ ਅਤੇ ਦੱਖਣੀ ਲਕਸ਼ਦੀਪ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ‘ਚ ਹਵਾ ਦਾ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ।
ਆਈਐਮਡੀ ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਦੱਖਣ-ਪੂਰਬੀ ਅਰਬ ਸਾਗਰ ਦੇ ਜ਼ਿਆਦਾਤਰ ਹਿੱਸਿਆਂ ਅਤੇ ਕੰਨਿਆਕੁਮਾਰੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਇਹ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਦੇ ਜ਼ਿਆਦਾਤਰ ਹਿੱਸਿਆਂ, ਅੰਡੇਮਾਨ ਸਾਗਰ ਦੇ ਜ਼ਿਆਦਾਤਰ ਹਿੱਸਿਆਂ, ਅੰਡੇਮਾਨ ਨਿਕੋਬਾਰ ਦੀਪ ਸਮੂਹ ਅਤੇ ਪੂਰਬੀ-ਮੱਧ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਵੀ ਅੱਗੇ ਵਧਿਆ ਹੈ।
ਆਈਐਮਡੀ ਨੇ ਕੇਰਲ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਨੂੰ ਲੈ ਕੇ ਦੋ ਜ਼ਿਲ੍ਹਿਆਂ ਲਈ ‘ਆਰੇਂਜ ਅਲਰਟ’ ਅਤੇ 10 ਜ਼ਿਲ੍ਹਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਕੰਨੂਰ ਅਤੇ ਕਾਸਰਗੋਡ ਜ਼ਿਲ੍ਹਿਆਂ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ, ਜਦੋਂ ਕਿ ਤ੍ਰਿਸ਼ੂਰ ਅਤੇ ਪਲੱਕੜ ਨੂੰ ਛੱਡ ਕੇ 10 ਜ਼ਿਲ੍ਹਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

