ਦੇਸ਼ ਦੀ ਅਰਥ ਵਿਵਸਥਾ ਖ਼ਤਰੇ ‘ਚ, PM ਮੋਦੀ ਸਥਿਤੀ ਸਪੱਸ਼ਟ ਕਰਨ, ਤੇਲ ਅਤੇ ਸੋਨੇ ਦੀ ਖਪਤ ਘਟਾਉਣ ਦੀ ਅਪੀਲ ‘ਤੇ ਕੇਜਰੀਵਾਲ ਦਾ ਹਮਲਾ

Global Team
3 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਤੇਲ ਅਤੇ ਸੋਨੇ ਦੀ ਖਪਤ ਘਟਾਉਣ ਸਮੇਤ ਹੋਰ ਸਖ਼ਤ ਕਦਮ ਚੁੱਕਣ ਦੀ ਕੀਤੀ ਗਈ ਅਪੀਲ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੱਖਾ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਨੇ 1950 ਤੋਂ ਹੁਣ ਤੱਕ ਕਈ ਜੰਗਾਂ ਅਤੇ ਆਰਥਿਕ ਮੰਦੀਆਂ ਦੇਖੀਆਂ ਹਨ, ਪਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਜਨਤਾ ਨੂੰ ਅਜਿਹੇ ਸਖ਼ਤ ਕਦਮ ਚੁੱਕਣ ਲਈ ਨਹੀਂ ਸੀ ਕਿਹਾ।

ਅਰਥ ਵਿਵਸਥਾ ਦੀ ਮਾੜੀ ਹਾਲਤ ਦਾ ਖਦਸ਼ਾ

ਕੇਜਰੀਵਾਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ, “ਜੇਕਰ ਪ੍ਰਧਾਨ ਮੰਤਰੀ ਅਜਿਹੇ ਕਦਮ ਚੁੱਕਣ ਲਈ ਕਹਿ ਰਹੇ ਹਨ, ਤਾਂ ਇਸ ਦਾ ਮਤਲਬ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਬਹੁਤ ਨਾਜ਼ੁਕ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਾਲਤ ਹੋਰ ਵੀ ਵਿਗੜ ਸਕਦੇ ਹਨ।” ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਕਿ ਭਾਰਤ ਦੀ ਅਰਥ ਵਿਵਸਥਾ ਅਸਲ ਵਿੱਚ ਕਿੱਥੇ ਖੜ੍ਹੀ ਹੈ ਅਤੇ ਆਉਣ ਵਾਲੇ ਇੱਕ ਸਾਲ ਵਿੱਚ ਕੀ ਸਥਿਤੀ ਹੋਣ ਵਾਲੀ ਹੈ।

ਸਿਰਫ਼ ਮਿਡਲ ਕਲਾਸ ‘ਤੇ ਹੀ ਬੋਝ ਕਿਉਂ?

ਕੇਜਰੀਵਾਲ ਨੇ ਸਵਾਲ ਚੁੱਕਿਆ ਕਿ ਜਦੋਂ ਈਰਾਨ-ਅਮਰੀਕਾ ਸੰਘਰਸ਼ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੈ ਤਾਂ ਕਿਸੇ ਹੋਰ ਦੇਸ਼ ਨੇ ਆਪਣੇ ਲੋਕਾਂ ਨੂੰ ਅਜਿਹੇ ਸਖ਼ਤ ਕਦਮ ਚੁੱਕਣ ਲਈ ਕਿਉਂ ਨਹੀਂ ਕਿਹਾ? ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਮਿਡਲ ਕਲਾਸ ਨੂੰ ਨਿਸ਼ਾਨਾ ਬਣਾ ਰਹੀ ਹੈ।

ਉਨ੍ਹਾਂ ਕਿਹਾ, “ਕੁਰਬਾਨੀ ਸਭ ਤੋਂ ਪਹਿਲਾਂ ਸਰਕਾਰ ਨੂੰ ਦੇਣੀ ਚਾਹੀਦੀ ਹੈ। ਪੀਐਮ, ਮੰਤਰੀ ਅਤੇ ਸਰਕਾਰੀ ਅਫ਼ਸਰ ਆਪਣੇ ਫ਼ਾਲਤੂ ਖਰਚੇ, ਵਿਦੇਸ਼ੀ ਦੌਰੇ ਅਤੇ ਹਵਾਈ ਸੈਰਾਂ ਘੱਟ ਕਰਨ। ਅਡਾਨੀ ਵਰਗੇ ਅਮੀਰ ਵਰਗ ਨੂੰ ਕੁਰਬਾਨੀ ਦੇਣ ਲਈ ਕਿਹਾ ਜਾਵੇ, ਨਾ ਕਿ ਸਾਰਾ ਬੋਝ ਆਮ ਲੋਕਾਂ ‘ਤੇ ਪਾਇਆ ਜਾਵੇ।”

NEET ਪੇਪਰ ਲੀਕ ਮਾਮਲੇ ‘ਤੇ ਘੇਰੀ ਸਰਕਾਰ

ਅਰਵਿੰਦ ਕੇਜਰੀਵਾਲ ਨੇ ਨੀਟ (NEET) ਪ੍ਰੀਖਿਆ ਦੇ ਪੇਪਰ ਰੱਦ ਹੋਣ ‘ਤੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪ੍ਰਭਾਵਿਤ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਗ਼ਰੀਬ ਪਰਿਵਾਰ ਲਈ ਇਹ ਸਥਿਤੀ ਬਹੁਤ ਵੱਡਾ ਧੋਖਾ ਹੈ।

ਕੇਜਰੀਵਾਲ ਨੇ ਕਿਹਾ ਕਿ ਜੇਕਰ ਚਾਰ ਵਾਰ ਪੇਪਰ ਲੀਕ ਹੋ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਸ ਵਿੱਚ ਵੱਡੇ ਪੱਧਰ ‘ਤੇ ਮਿਲੀਭੁਗਤ ਹੈ। ਉਨ੍ਹਾਂ ਸਵਾਲ ਕੀਤਾ ਕਿ ਹੁਣ ਤੱਕ ਪੇਪਰ ਲੀਕ ਕਰਨ ਵਾਲੇ ਮੁਲਜ਼ਮਾਂ ਨੂੰ ਕੀ ਸਜ਼ਾ ਦਿੱਤੀ ਗਈ? ਉਹ ਸਾਰੇ ਜ਼ਮਾਨਤ ‘ਤੇ ਬਾਹਰ ਆ ਗਏ ਹਨ। ਸਰਕਾਰ ਚਲਾਉਣਾ ਕੋਈ ਆਸਾਨ ਕੰਮ ਨਹੀਂ ਹੈ। ਜਿਨ੍ਹਾਂ ਤੋਂ ਪੇਪਰ ਲੀਕ ਹੋਣਾ ਨਹੀਂ ਰੁਕ ਰਿਹਾ, ਉਹ ਦੇਸ਼ ਕੀ ਚਲਾਉਣਗੇ? ਮੌਜੂਦਾ ਸਰਕਾਰ ਇਸ ਸਕੈਂਡਲ ਵਿੱਚ ਮਿਲੀ ਹੋਈ ਲੱਗਦੀ ਹੈ।

Share This Article
Leave a Comment