ਜਾਂਜਗੀਰ: ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਤਰਬੂਜ ਖਾਣ ਨਾਲ 15 ਸਾਲ ਦੇ ਇਕ ਮੁੰਡੇ ਦੀ ਮੌਤ ਹੋ ਗਈ, ਜਦਕਿ ਕਈ ਹੋਰ ਬੱਚੇ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਪਿੰਡ ਘੁਰਕੋਟ ਦਾ ਹੈ। ਇੱਥੇ ਤਰਬੂਜ ਖਾਣ ਤੋਂ ਬਾਅਦ 15 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ 3 ਹੋਰ ਬੱਚੇ ਬਿਮਾਰ ਪੈ ਗਏ। ਮ੍ਰਿਤਕ ਦੀ ਪਛਾਣ 15 ਸਾਲਾ ਅਖਿਲੇਸ਼ ਵਜੋਂ ਹੋਈ ਹੈ। ਇਹ ਬੱਚੇ ਆਪਣੇ ਪਰਿਵਾਰ ਵਾਲਿਆਂ ਨਾਲ ਨਾਨਕੇ ਘਰ ਆਏ ਹੋਏ ਸਨ। ਮ੍ਰਿਤਕ ਅਖਿਲੇਸ਼ ਧੀਵਰ ਪੋੜੀ ਦਲਹਾ ਪਿੰਡ ਦਾ ਰਹਿਣ ਵਾਲਾ ਸੀ।ਅਧਿਕਾਰੀਆਂ ਮੁਤਾਬਕ, ਜਿਹੜੇ 3 ਬੱਚੇ ਬਿਮਾਰ ਹੋਏ ਹਨ, ਉਨ੍ਹਾਂ ਦੀ ਪਛਾਣ ਅਵਾਰਿਦ ਪਿੰਡ ਦੇ ਸ਼੍ਰੀ ਧੀਵਰ (4), ਖਟੋਲਾ ਦੇ ਪਿੰਟੂ ਧੀਵਰ (12) ਅਤੇ ਕੋਟਗੜ੍ਹ ਦੇ ਹਿਤੇਸ਼ ਧੀਵਰ (13) ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, “ਬੱਚਿਆਂ ਨੇ ਐਤਵਾਰ ਸ਼ਾਮ ਨੂੰ ਘਰ ਵਿੱਚ ਰੱਖਿਆ ਪਹਿਲਾਂ ਤੋਂ ਕੱਟਿਆ ਹੋਇਆ ਤਰਬੂਜ ਖਾਧਾ ਸੀ। ਕੁਝ ਘੰਟਿਆਂ ਬਾਅਦ, ਅਖਿਲੇਸ਼ ਨੂੰ ਉਲਟੀਆਂ, ਦਸਤ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਬਾਅਦ ਵਿੱਚ ਇਹੀ ਲੱਛਣ ਬਾਕੀ ਤਿੰਨਾਂ ਬੱਚਿਆਂ ਵਿੱਚ ਵੀ ਦੇਖੇ ਗਏ। ਜਿਵੇਂ-ਜਿਵੇਂ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ, ਪਰਿਵਾਰ ਵਾਲੇ ਉਨ੍ਹਾਂ ਨੂੰ ਸੋਮਵਾਰ ਨੂੰ ਵੱਖ-ਵੱਖ ਸਮੇਂ ‘ਤੇ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ ‘ਤੇ ਅਖਿਲੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬਾਕੀ ਤਿੰਨਾਂ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਨਮੂਨੇ ਲਏ ਗਏ ਹਨ। ਘਰ ਵਿੱਚ ਰੱਖਿਆ ਇੱਕ ਹੋਰ ਤਰਬੂਜ ਪ੍ਰਯੋਗਸ਼ਾਲਾ ਦੀ ਜਾਂਚ ਲਈ ਖੁਰਾਕ ਸੁਰੱਖਿਆ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

