ਟੋਰਾਂਟੋ: ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ ਅਤੇ ਆਪਣੇ ਸੁਪਨਿਆਂ ਦਾ ਘਰ ਖਰੀਦਣ ਲਈ ਤਿਆਰ ਲੋਕ ਇਸ ਮੌਕੇ ਦਾ ਪੂਰਾ ਲਾਹਾ ਲੈ ਰਹੇ ਹਨ। ਕੀਮਤਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਮਕਾਨਾਂ ਦੀ ਵਿਕਰੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਵਿੱਚ 7 ਫੀਸਦੀ ਵਾਧਾ ਹੋਇਆ, ਜਦਕਿ ਕੀਮਤਾਂ ਵਿੱਚ 5 ਫੀਸਦੀ ਦੀ ਕਮੀ ਆਈ।
ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਅਨੁਸਾਰ ਅਪ੍ਰੈਲ 2025 ਦੇ ਮੁਕਾਬਲੇ ਇੱਕ ਘਰ ਦੀ ਔਸਤ ਕੀਮਤ ਘਟ ਕੇ 10 ਲੱਖ 52 ਹਜ਼ਾਰ ਡਾਲਰ ਰਹਿ ਗਈ ਹੈ।
ਬਰੈਂਪਟਨ ਵਿੱਚ ਵੀ ਮਕਾਨਾਂ ਦੀ ਵਿਕਰੀ ਵਿੱਚ ਵਾਧਾ ਦੇਖਣ ਨੂੰ ਮਿਲਿਆ। ਅਪ੍ਰੈਲ ਮਹੀਨੇ ਦੌਰਾਨ ਇੱਥੇ 406 ਮਕਾਨ ਵਿਕੇ, ਜੋ ਮਾਰਚ ਦੇ ਮੁਕਾਬਲੇ 8 ਫੀਸਦੀ ਵੱਧ ਹਨ।
ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਮੁੱਖ ਸੂਚਨਾ ਅਧਿਕਾਰੀ ਜੇਸਨ ਮਰਸਰ ਨੇ ਕਿਹਾ ਕਿ ਕੀਮਤਾਂ ਵਿੱਚ ਆਈ ਕਮੀ ਦਾ ਖਰੀਦਦਾਰ ਲਾਭ ਲੈ ਰਹੇ ਹਨ, ਪਰ ਵੇਚਣ ਵਾਲਿਆਂ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ। ਇਸੇ ਕਾਰਨ ਅਪ੍ਰੈਲ ਦੌਰਾਨ ਨਵੇਂ ਲਿਸਟ ਹੋਏ ਮਕਾਨਾਂ ਦੀ ਗਿਣਤੀ 17 ਹਜ਼ਾਰ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 9.3 ਫੀਸਦੀ ਘੱਟ ਹੈ।
ਗਰੇਟਰ ਟੋਰਾਂਟੋ ਏਰੀਆ ਵਿੱਚ ਵਿਕਰੀ ਲਈ ਮੌਜੂਦ ਮਕਾਨਾਂ ਦੀ ਕੁੱਲ ਗਿਣਤੀ 25,110 ਦੱਸੀ ਗਈ ਹੈ, ਜੋ ਪਿਛਲੇ ਸਾਲ ਨਾਲੋਂ 6.4 ਫੀਸਦੀ ਘੱਟ ਹੈ।
ਰੀਅਲ ਬ੍ਰੋਕਰ ਓਨਟਾਰੀਓ ਦੀ ਜੈਸਿਕਾ ਹੈਮਲ ਨੇ ਕਿਹਾ ਕਿ ਕੁਝ ਇਲਾਕਿਆਂ ਵਿੱਚ ਅਜੇ ਵੀ ਇੱਕ ਮਕਾਨ ਲਈ ਕਈ ਖਰੀਦਦਾਰ ਮੌਜੂਦ ਹਨ ਅਤੇ ਲੋਕ ਇਕ-ਦੂਜੇ ਤੋਂ ਵੱਧ ਕੀਮਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਟੋਰਾਂਟੋ ਸ਼ਹਿਰ ਵਿੱਚ ਅਪ੍ਰੈਲ ਦੌਰਾਨ 2,312 ਮਕਾਨਾਂ ਦੀ ਵਿਕਰੀ ਹੋਈ, ਜੋ ਪਿਛਲੇ ਸਾਲ ਦੇ ਮੁਕਾਬਲੇ 9.2 ਫੀਸਦੀ ਵੱਧ ਹੈ। ਦੂਜੇ ਪਾਸੇ ਗਰੇਟਰ ਟੋਰਾਂਟੋ ਏਰੀਆ ਦੇ ਹੋਰ ਇਲਾਕਿਆਂ ਵਿੱਚ 3,634 ਮਕਾਨ ਵਿਕੇ, ਜੋ 5.7 ਫੀਸਦੀ ਵਾਧਾ ਦਰਸਾਉਂਦੇ ਹਨ।
ਮਕਾਨਾਂ ਦੀਆਂ ਕਿਸਮਾਂ ਅਨੁਸਾਰ ਦੇਖਿਆ ਜਾਵੇ ਤਾਂ ਡਿਟੈਚਡ ਘਰਾਂ ਦੀ ਵਿਕਰੀ ਵਿੱਚ 9.2 ਫੀਸਦੀ ਅਤੇ ਕੌਂਡੋ ਦੀ ਵਿਕਰੀ ਵਿੱਚ 9.1 ਫੀਸਦੀ ਵਾਧਾ ਦਰਜ ਕੀਤਾ ਗਿਆ। ਟਾਊਨ ਹਾਊਸ ਅਤੇ ਸੈਮੀ ਡਿਟੈਚਡ ਮਕਾਨਾਂ ਦੀ ਵਿਕਰੀ ਵਿੱਚ ਕ੍ਰਮਵਾਰ 0.6 ਅਤੇ 0.4 ਫੀਸਦੀ ਵਾਧਾ ਹੋਇਆ।
ਹਾਲ ਹੀ ਵਿੱਚ ਆਈ ਇੱਕ ਰਿਪੋਰਟ ਵਿੱਚ ‘ਪਾਵਰ ਆਫ ਸੇਲ’ ਦਾ ਵੀ ਖ਼ਾਸ ਜ਼ਿਕਰ ਕੀਤਾ ਗਿਆ ਸੀ। ਮਾਹਰਾਂ ਮੁਤਾਬਕ ਜਦੋਂ ਘਰ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ ਤਾਂ ਕਾਨੂੰਨੀ ਕਾਰਵਾਈ ਤਹਿਤ ਬੈਂਕ ਜਾਂ ਵਿੱਤੀ ਸੰਸਥਾ ਜਾਇਦਾਦ ਵੇਚ ਕੇ ਆਪਣੀ ਰਕਮ ਵਾਪਸ ਲੈਂਦੀ ਹੈ। ‘ਪਾਵਰ ਆਫ ਸੇਲ’ ਪ੍ਰਕਿਰਿਆ ਦੌਰਾਨ ਬੈਂਕ ਜਾਂ ਵਿੱਤੀ ਅਦਾਰਾ ਜਾਇਦਾਦ ਦਾ ਮਾਲਕ ਨਹੀਂ ਬਣਦਾ।

