ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਹਲਕਿਆਂ ਵਿੱਚ ਭੁਚਾਲ ਲਿਆ ਦਿੱਤਾ ਹੈ। ਸੋਮਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) 181 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਸਿਰਫ਼ 92 ਸੀਟਾਂ ‘ਤੇ ਸਿਮਟ ਗਈ ਹੈ। 294 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ 148 ਸੀਟਾਂ ਦੀ ਲੋੜ ਹੈ। ਹਲਾਂਕਿ ਰੁਝਾਨਾ ‘ਚ ਭਾਜਪਾ 180 ਤੋਂ ਵੱਧ ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਪਰ ਆਖਰੀ ਨਤੀਜਿਆਂ ਤੱਕ ਇਹ ਅੰਕੜਾ ਬਦਲ ਸਕਦਾ ਹੈ।
ਇਤਿਹਾਸਕ ਵੋਟਰ ਭਾਗੀਦਾਰੀ
ਇਸ ਵਾਰ ਪੱਛਮੀ ਬੰਗਾਲ ਵਿੱਚ ਵੋਟਰ ਭਾਗੀਦਾਰੀ 92% ਤੋਂ ਵੱਧ ਦਰਜ ਕੀਤੀ ਗਈ, ਜੋ ਇਸ ਚੋਣ ਵਿੱਚ ਲੋਕਾਂ ਦੀ ਭਾਰੀ ਦਿਲਚਸਪੀ ਦਰਸਾਉਂਦੀ ਹੈ। ਹਲਾਂਕਿ ਇਸ ਤੋਂ ਪਹਿਲਾਂ ਅਜਿਹਾ ਰਿਕਾਰਡ ਨਹੀਂ ਦੇਖਣ ਨੂੰ ਮਿਲਿਆ। ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 2011 ਤੋਂ ਪੱਛਮੀ ਬੰਗਾਲ ਦੀ ਸੱਤਾ ਵਿੱਚ ਹੈ ਅਤੇ 2011 ਤੋਂ ਹੀ ਮਮਤਾ ਮੁੱਖ ਮੰਤਰੀ ਬਣੇ ਰਹੇ ਹਨ। ਹੁਣ ਇਹ ਸਮੀਕਰਨ ਬਦਲ ਰਿਹਾ ਹੈ।
ਭਵਾਨੀਪੁਰ ਵਿੱਚ ਹਾਈ-ਪ੍ਰੋਫਾਈਲ ਮੁਕਾਬਲਾ
ਸਭ ਤੋਂ ਵੱਧ ਧਿਆਨ ਖਿੱਚਣ ਵਾਲਾ ਮੁਕਾਬਲਾ ਕੋਲਕਾਤਾ ਦੀ ਭਵਾਨੀਪੁਰ ਸੀਟ ‘ਤੇ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਆਹਮੋ-ਸਾਹਮਣੇ ਹਨ। ਰੁਝਾਨਾ ‘ਚ ਪਤਾ ਲੱਗ ਰਿਹਾ ਹੈ ਕਿ ਭਾਜਪਾ ਨੇ ਇਸ ਸੀਟ ‘ਤੇ ਕਾਫ਼ੀ ਜ਼ਿਆਦਾ ਟੱਕਰ ਦਿੱਤੀ ਹੈ।
ਰੁਝਾਨਾਂ ਦਾ ਸਿਆਸੀ ਮਹੱਤਵ
ਜੇਕਰ ਇਹ ਰੁਝਾਨ ਅੰਤਿਮ ਨਤੀਜੇ ਵਿੱਚ ਬਦਲਦੇ ਹਨ, ਤਾਂ ਇਹ ਇਤਿਹਾਸਕ ਹੋਵੇਗਾ। 2021 ਦੀਆਂ ਚੋਣਾਂ ਵਿੱਚ ਭਾਜਪਾ ਸਿਰਫ਼ 77 ਸੀਟਾਂ ‘ਤੇ ਜਿੱਤ ਸਕੀ ਸੀ, ਜਦੋਂਕਿ ਬਹੁਮਤ ਲਈ ਲੋੜੀਂਦੀਆਂ 148 ਸੀਟਾਂ ਦਾ ਅੰਕੜਾ ਬਹੁਤ ਦੂਰ ਸੀ। ਗੌਰਤਲਬ ਹੈ ਕਿ 2011 ਤੋਂ ਹੀ TMC ਅਤੇ ਮਮਤਾ ਬੈਨਰਜੀ ਦਾ ਪੱਛਮੀ ਬੰਗਾਲ ਦੀ ਸਿਆਸਤ ‘ਤੇ ਦਬਦਬਾ ਰਿਹਾ ਹੈ, ਜਦੋਂ ਉਨ੍ਹਾਂ ਖੱਬੇ ਮੋਰਚੇ ਦੀ 34 ਸਾਲਾਂ ਦੀ ਸੱਤਾ ਦਾ ਅੰਤ ਕੀਤਾ ਸੀ।
ਮਮਤਾ ਦਾ ਸਖ਼ਤ ਪ੍ਰਤੀਕਰਮ
ਸਵੇਰੇ ਜਦੋਂ ਈਵੀਐੱਮ ਮਸ਼ੀਨਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਪੂਰੀ ਦੇਸ਼ ਦੀ ਨਜ਼ਰ ਪੱਛਮੀ ਬੰਗਾਲ ‘ਤੇ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ TMC ਸਮਰਥਕਾਂ ਨੂੰ ਗਿਣਤੀ ਕੇਂਦਰਾਂ ‘ਤੇ ਚੌਕਸ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਈ ਥਾਵਾਂ ‘ਤੇ ਜਾਣਬੁੱਝ ਕੇ ਬਿਜਲੀ ਕੱਟੀ ਜਾ ਰਹੀ ਹੈ।
ਹੁਣ ਨਤੀਜੇ ਅਜੇ ਆਉਣੇ ਜਾਰੀ ਹਨ। ਜੇ ਭਾਜਪਾ ਬਹੁਮਤ ਦਾ ਅੰਕੜਾ ਪਾਰ ਕਰਦੀ ਹੈ, ਤਾਂ ਇਹ ਪੱਛਮੀ ਬੰਗਾਲ ਦੀ ਸਿਆਸੀ ਤਸਵੀਰ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਅਤੇ ਰਾਸ਼ਟਰੀ ਸਿਆਸਤ ਵਿੱਚ ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ।
ਹੋਰ ਸੂਬਿਆਂ ਦੀ ਸਥਿਤੀ
ਪੱਛਮੀ ਬੰਗਾਲ ਤੋਂ ਇਲਾਵਾ ਅੱਜ ਦੇਸ਼ ਦੇ ਚਾਰ ਹੋਰ ਸੂਬਿਆਂ ਵਿੱਚ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਅਸਾਮ ਵਿੱਚ ਭਾਜਪਾ 124 ਵਿੱਚੋਂ 79 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਕਾਂਗਰਸ 24, BOPF 10 ਅਤੇ AGP 9 ਸੀਟਾਂ ‘ਤੇ ਅੱਗੇ ਹੈ। ਕੇਰਲ ਵਿੱਚ ਸੱਤਾ ਬਦਲਾਅ ਦੇ ਸੰਕੇਤ ਹਨ। ਕਾਂਗਰਸ ਦੀ ਅਗਵਾਈ ਵਾਲਾ UDF 127 ਵਿੱਚੋਂ 63 ਸੀਟਾਂ ‘ਤੇ ਅੱਗੇ ਹੈ, ਜਦੋਂਕਿ ਸੱਤਾਧਾਰੀ CPI(M) 28 ਅਤੇ IUML 23 ਸੀਟਾਂ ‘ਤੇ ਅੱਗੇ ਹੈ।
ਤਾਮਿਲਨਾਡੂ ਵਿੱਚ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਵਿਜੈ ਦੀ ਪਾਰਟੀ TVK 223 ਵਿੱਚੋਂ 106 ਸੀਟਾਂ ‘ਤੇ ਅੱਗੇ ਹੈ, ਜਦੋਂਕਿ AIADMK 64 ਅਤੇ ਸੱਤਾਧਾਰੀ DMK ਸਿਰਫ਼ 45 ਸੀਟਾਂ ‘ਤੇ ਸਿਮਟ ਗਈ ਹੈ।
ਪੁਡੂਚੇਰੀ ਵਿੱਚ AINRC 16 ਗਿਣੀਆਂ ਗਈਆਂ ਸੀਟਾਂ ਵਿੱਚੋਂ 8 ‘ਤੇ ਅੱਗੇ ਚੱਲ ਰਹੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅੱਜ ਦੇ ਨਤੀਜੇ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਲਈ ਵੱਡੀ ਸਫਲਤਾ ਅਤੇ ਵਿਰੋਧੀ ਧਿਰ ਲਈ ਵੱਡੇ ਝਟਕੇ ਦਾ ਸੰਕੇਤ ਦੇ ਰਹੇ ਹਨ।

