ਈਰਾਨ ਨੇ ਇਜ਼ਰਾਈਲ ਲਈ ਜਾਸੂਸੀ ਦੇ ਦੋਸ਼ ਵਿੱਚ ਦੋ ਕੈਦੀਆਂ ਨੂੰ ਦਿੱਤੀ ਫਾਂਸੀ

Global Team
2 Min Read

ਤਹਿਰਾਨ: ਈਰਾਨ ਦੀ ਨਿਆਂਪਾਲਿਕਾ ਨੇ ਐਲਾਨ ਕੀਤਾ ਹੈ ਕਿ ਉਸ ਨੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ‘ਮੋਸਾਦ’ ਲਈ ਜਾਸੂਸੀ ਕਰਨ ਅਤੇ ਖ਼ੁਫ਼ੀਆ ਗਤੀਵਿਧੀਆਂ ਵਿੱਚ ਸਹਿਯੋਗ ਕਰਨ ਦੇ ਦੋਸ਼ ਹੇਠ ਦੋ ਕੈਦੀਆਂ ਨੂੰ ਫਾਂਸੀ ਦੇ ਦਿੱਤੀ ਹੈ।

ਕੌਣ ਹਨ ਫਾਂਸੀ ਦਿੱਤੇ ਗਏ ਵਿਅਕਤੀ?

ਈਰਾਨ ਦੀ ਸੁਪਰੀਮ ਕੋਰਟ ਨੇ ਦੋਵਾਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਫਾਂਸੀ ਦਿੱਤੇ ਗਏ ਵਿਅਕਤੀਆਂ ਦੀ ਪਛਾਣ ਯਾਕੂਬ ਕਰੀਮਪੁਰ ਅਤੇ ਨਾਸਿਰ ਬਕਰਜ਼ਾਦੇਹ ਵਜੋਂ ਹੋਈ ਹੈ। ਈਰਾਨੀ ਅਧਿਕਾਰੀਆਂ ਨੇ ਦੋਵਾਂ ਕੈਦੀਆਂ ‘ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਅਦਾਲਤ ਮੁਤਾਬਕ ਯਾਕੂਬ ਕਰੀਮਪੁਰ ਨੇ ਯੁੱਧ ਦੌਰਾਨ ਮੋਸਾਦ ਨਾਲ ਸਰਗਰਮੀ ਨਾਲ ਸਹਿਯੋਗ ਕੀਤਾ ਅਤੇ ਦੇਸ਼ ਦੀਆਂ ਕਈ ਸੰਵੇਦਨਸ਼ੀਲ ਜਾਣਕਾਰੀਆਂ ਮੋਸਾਦ ਅਧਿਕਾਰੀਆਂ ਨੂੰ ਭੇਜੀਆਂ। ਨਾਸਿਰ ਬਕਰਜ਼ਾਦੇਹ ‘ਤੇ ਦੋਸ਼ ਸੀ ਕਿ ਉਸ ਨੇ ਮੋਸਾਦ ਦੇ ਇਸ਼ਾਰੇ ‘ਤੇ ਅਹਿਮ ਸਰਕਾਰੀ, ਧਾਰਮਿਕ ਅਤੇ ਸੂਬਾਈ ਹਸਤੀਆਂ ਦੀ ਜਾਸੂਸੀ ਕੀਤੀ। ਇਸ ਤੋਂ ਇਲਾਵਾ, ਉਸ ਨੇ ਨਤਾਂਜ਼ ਖੇਤਰ ਵਰਗੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਕੇਂਦਰਾਂ ਦੀ ਜਾਣਕਾਰੀ ਵੀ ਦੁਸ਼ਮਣ ਦੇਸ਼ ਦੀ ਖ਼ੁਫ਼ੀਆ ਏਜੰਸੀ ਨੂੰ ਮੁਹੱਈਆ ਕਰਵਾਈ ਸੀ।

ਜੇਲ੍ਹ ਵਿੱਚੋਂ ਆਈ ਸੀ ਆਡੀਓ ਫਾਈਲ

ਜ਼ਿਕਰਯੋਗ ਹੈ ਕਿ ਫਾਂਸੀ ਤੋਂ ਕੁਝ ਸਮਾਂ ਪਹਿਲਾਂ ਨਾਸਿਰ ਬਕਰਜ਼ਾਦੇਹ ਦੀਉਰਮੀਆ ਜੇਲ੍ਹ ਦੇ ਅੰਦਰੋਂ ਇੱਕ ਆਡੀਓ ਫਾਈਲ ਸਾਹਮਣੇ ਆਈ ਸੀ। ਇਸ ਰਿਕਾਰਡਿੰਗ ਵਿੱਚ ਉਸ ਨੇ ਡਰ ਜ਼ਾਹਰ ਕਰਦਿਆਂ ਕਿਹਾ ਸੀ ਕਿ ਤੀਜੀ ਵਾਰ ਮੌਤ ਦੀ ਸਜ਼ਾ ਬਰਕਰਾਰ ਰਹਿਣ ਤੋਂ ਬਾਅਦ ਉਸ ਨੂੰ ਲੱਗਦਾ ਹੈ ਕਿ ਉਹ “ਕਿਸੇ ਵੀ ਪਲ ਮਾਰਿਆ ਜਾ ਸਕਦਾ ਹੈ।”

ਮਾਨਵਾਧਿਕਾਰ ਸੰਗਠਨਾਂ ਨੇ ਪ੍ਰਗਟਾਈ ਚਿੰਤਾ

ਹਾਲ ਹੀ ਵਿੱਚ ਖੇਤਰੀ ਤਣਾਅ ਅਤੇ ਯੁੱਧ ਦੇ ਹਾਲਾਤਾਂ ਦਰਮਿਆਨ ਈਰਾਨ ਵਿੱਚ ਫਾਂਸੀ ਦੀਆਂ ਸਜ਼ਾਵਾਂ ਵਿੱਚ ਤੇਜ਼ੀ ਆਈ ਹੈ। ਕਈ ਅੰਤਰਰਾਸ਼ਟਰੀ ਮਾਨਵਾਧਿਕਾਰ ਸੰਗਠਨਾਂ ਅਤੇ ਕਾਰਕੁਨਾਂ ਨੇ ਇਸ ‘ਤੇ ਡੂੰਘੀ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਜ਼ਾਵਾਂ ਮਾਨਵਾਧਿਕਾਰਾਂ ਦੀ ਸ਼ਰੇਆਮ ਉਲੰਘਣਾ ਹਨ।

Share This Article
Leave a Comment