ਵਾਸ਼ਿੰਗਟਨ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਲੰਬੀ ਫ਼ੋਨ ਗੱਲਬਾਤ ਹੋਈ ਹੈ। ਕ੍ਰੇਮਲਿਨ ਦੇ ਮੁਤਾਬਕ, ਇਹ ਗੱਲਬਾਤ ਡੇਢ ਘੰਟੇ ਤੋਂ ਵੱਧ ਚੱਲੀ ਅਤੇ ਇਸ ਨੂੰ ‘ਦੋਸਤਾਨਾ ਅਤੇ ਪੇਸ਼ੇਵਰ’ ਦੱਸਿਆ ਗਿਆ। ਇਸ ਦੌਰਾਨ ਈਰਾਨ ਯੁੱਧ, ਯੂਕਰੇਨ ਸੰਘਰਸ਼ ਅਤੇ ਵ੍ਹਾਈਟ ਹਾਊਸ ਨਾਲ ਜੁੜੇ ਇੱਕ ਪ੍ਰੋਗਰਾਮ ਦੌਰਾਨ ਹਾਲ ਹੀ ਵਿੱਚ ਟਰੰਪ ‘ਤੇ ਹੋਏ ਹਮਲੇ ਦੀ ਕੋਸ਼ਿਸ਼ ਦੀ ਨਿੰਦਾ ਵੀ ਕੀਤੀ ਅਤੇ ਚਿੰਤਾ ਜਤਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 90 ਮਿੰਟ ਤੋਂ ਵੱਧ ਸਮੇਂ ਤੱਕ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਇਹ ਗੱਲਬਾਤ ਬੁੱਧਵਾਰ ਨੂੰ ਹੋਈ ਹੈ। ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੇਮਲਿਨ ਨੇ ਟਰੰਪ ਨਾਲ ਪੁਤਿਨ ਦੀ ਗੱਲਬਾਤ ਨੂੰ ਮਿੱਤਰਤਾਪੂਰਨ ਅਤੇ ਪੇਸ਼ੇਵਰ ਦੱਸਿਆ ਹੈ।
ਰੂਸੀ ਰਾਸ਼ਟਰਪਤੀ ਦੇ ਸਹਾਇਕ ਯੂਰੀ ਉਸ਼ਾਕੋਵ ਨੇ ਪੱਤਰਕਾਰਾਂ ਨੂੰ ਫ਼ੋਨ ਕਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, “ਟਰੰਪ ਦੀ ਬੇਨਤੀ ‘ਤੇ, ਵਲਾਦੀਮੀਰ ਪੁਤਿਨ ਨੇ ਸੰਪਰਕ ਰੇਖਾ (ਕੰਟੈਕਟ ਪੁਆਇੰਟ) ‘ਤੇ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੱਤੀ, ਜਿੱਥੇ ਸਾਡੀਆਂ ਫ਼ੌਜਾਂ ਰਣਨੀਤਕ ਬੜ੍ਹਤ ਹਾਸਲ ਕਰ ਰਹੀਆਂ ਹਨ ਅਤੇ ਦੁਸ਼ਮਣ ਦੇ ਟਿਕਾਣਿਆਂ ਨੂੰ ਪਿੱਛੇ ਧੱਕ ਰਹੀਆਂ ਹਨ।” ਟਰੰਪ ਨੇ ਵੀ ਹਾਲੀਆ ਈਸਟਰ ਜੰਗਬੰਦੀ ਲਈ ਰੂਸ ਦੀ ਸ਼ਲਾਘਾ ਕੀਤੀ। ਉੱਥੇ ਹੀ, ਪੁਤਿਨ ਨੇ ਟਰੰਪ ਨੂੰ ਆਉਣ ਵਾਲੀ ਵਿਕਟਰੀ ਡੇ ਪਰੇਡ ਦੌਰਾਨ ਜੰਗਬੰਦੀ ਦਾ ਐਲਾਨ ਕਰਨ ਲਈ ਰੂਸ ਦੀ ਤਿਆਰੀ ਬਾਰੇ ਜਾਣੂ ਕਰਵਾਇਆ।
ਪੁਤਿਨ ਨੇ ਯੂਕਰੇਨ ਵਿੱਚ ਜਾਰੀ ਜੰਗ ਨੂੰ ਲੈ ਕੇ ਇੱਕ ਅਹਿਮ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਅਗਲੇ ਮਹੀਨੇ ਦੂਜੀ ਵਿਸ਼ਵ ਜੰਗ ਦੀ ਸਮਾਪਤੀ ਦੀ ਵਰ੍ਹੇਗੰਢ ਯਾਨੀ ਕਿ ‘ਵਿਕਟਰੀ ਡੇ’ ਦੇ ਮੌਕੇ ‘ਤੇ ਆਰਜ਼ੀ ਜੰਗਬੰਦੀ ਲਾਗੂ ਕਰਨ ਦੀ ਗੱਲ ਕਹੀ। ਟਰੰਪ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਇਸ ਨੂੰ ਇੱਕ ਸਕਾਰਾਤਮਕ ਕਦਮ ਦੱਸਿਆ ਗਿਆ।
ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਗੱਲਬਾਤ ਦੌਰਾਨ ਸੰਭਾਵਿਤ ਆਰਥਿਕ ਅਤੇ ਊਰਜਾ ਪ੍ਰੋਜੈਕਟਾਂ ‘ਤੇ ਵੀ ਚਰਚਾ ਕੀਤੀ, ਜਿਸ ਨਾਲ ਭਵਿੱਖ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਕ੍ਰੇਮਲਿਨ ਦੇ ਅਨੁਸਾਰ, ਕਰੀਬ ਡੇਢ ਘੰਟੇ ਚੱਲੀ ਇਸ ਗੱਲਬਾਤ ਦੇ ਅੰਤ ਵਿੱਚ ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਇੱਕ-ਦੂਜੇ ਨੂੰ ਵਿਦਾਈ ਦਿੱਤੀ। ਪੁਤਿਨ ਅਤੇ ਟਰੰਪ ਦੇ ਵਿਚਕਾਰ ਹੋਈ ਇਹ ਗੱਲਬਾਤ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਹਿਮ ਮੰਨੀ ਜਾ ਰਹੀ ਹੈ। ਯੂਕਰੇਨ ਜੰਗਬੰਦੀ, ਈਰਾਨ ਦਾ ਮੁੱਦਾ ਅਤੇ ਮੱਧ ਪੂਰਬ ਦੀ ਸਥਿਤੀ ਵਰਗੇ ਕਈ ਵੱਡੇ ਵਿਸ਼ਿਆਂ ‘ਤੇ ਚਰਚਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੂਟਨੀਤਕ ਗਤੀਵਿਧੀਆਂ ਹੋਰ ਤੇਜ਼ ਹੋ ਸਕਦੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

