ਨਿਊਜ਼ ਡੈਸਕ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਗੁਜਰਾਤ ‘ਚ ਹੋਣ ਵਾਲੀਆਂ ਰਾਜਕੋਟ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਹੁਣ ਗੁਜਰਾਤ ਵਿੱਚ ਇੱਕ ਮਜ਼ਬੂਤ ਵਿਕਲਪ ਵਜੋਂ ਉਭਰੀ ਹੈ ਅਤੇ ਰਾਜਕੋਟ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰੇਗੀ। ਸਿਸੋਦੀਆ ਨੇ ਇਹ ਬਿਆਨ 26 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਪ੍ਰਚਾਰ ਮੁਹਿੰਮ ਦੇ ਆਖਰੀ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ।
ਮਨੀਸ਼ ਸਿਸੋਦੀਆ ਨੇ ਰਾਜ ਦੀ ਭਾਜਪਾ ਸਰਕਾਰ ‘ਤੇ ਪਿਛਲੇ 30 ਸਾਲਾਂ ਤੋਂ ਸਰਕਾਰੀ ਹਸਪਤਾਲਾਂ ਅਤੇ ਪ੍ਰਸ਼ਾਸਨ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰਾਜਕੋਟ ਦੇ ਸਰਕਾਰੀ ਸਕੂਲਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਸਿਸੋਦੀਆ ਨੇ ਦਾਅਵਾ ਕੀਤਾ ਕਿ ‘ਆਪ’ ਵੱਲੋਂ ਮੁੱਦਾ ਚੁੱਕਣ ਤੋਂ ਬਾਅਦ ਕੁਝ ਸਕੂਲਾਂ ਦੀਆਂ ਇਮਾਰਤਾਂ ਵਿੱਚ ਸੁਧਾਰ ਹੋਇਆ ਹੈ, ਪਰ ਸਿੱਖਿਆ ਦੀ ਗੁਣਵੱਤਾ ਅਜੇ ਵੀ ਮਾੜੀ ਹੈ। ਉਨ੍ਹਾਂ ਸਰਕਾਰ ’ਤੇ ਸਕੂਲਾਂ, ਹਸਪਤਾਲਾਂ ਅਤੇ ਸਮੁੱਚੀ ਵਿਵਸਥਾ ਨੂੰ ਲਗਾਤਾਰ ਵਿਗਾੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਨਤਾ ਕੋਲ ਹੁਣ ਇੱਕ ਵਿਕਲਪ ਹੈ ਜਿਸ ਦੀ ਵਰਤੋਂ ਉਹ ਚੋਣਾਂ ਵਿੱਚ ਕਰਨਗੇ।
ਮਨੀਸ਼ ਸਿਸੋਦੀਆ ਨੇ ਰਾਜਕੋਟ ਨਗਰ ਨਿਗਮ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦੇ ਹੋਏ ਕਿਹਾ, ‘ਆਪ ਹੁਣ ਇਕ ਮਜ਼ਬੂਤ ਵਿਕਲਪ ਵਜੋਂ ਉਭਰੀ ਹੈ। ਇਸ ਵਾਰ ਰਾਜਕੋਟ ਨਗਰ ਨਿਗਮ ‘ਚ ਜਿੱਤ ਹਾਸਲ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ‘ਆਪ’ ਦੇ ਸੀਨੀਅਰ ਆਗੂ ਨੇ ਰਾਜਕੋਟ ਵਿੱਚ ਸਮਰਥਕਾਂ ਅਤੇ ਪਾਰਟੀ ਵਰਕਰਾਂ ਨਾਲ ਰੋਡ ਸ਼ੋਅ ਵੀ ਕੀਤਾ।
ਗੁਜਰਾਤ ਵਿੱਚ 15 ਨਗਰ ਨਿਗਮਾਂ ਸਮੇਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ 26 ਅਪ੍ਰੈਲ ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। ਇਨ੍ਹਾਂ ਚੋਣਾਂ ਵਿੱਚ 4.18 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹੋਣਗੇ। ਸਥਾਨਕ ਬਾਡੀ ਚੋਣਾਂ ਵਿੱਚ 34 ਜ਼ਿਲ੍ਹਾ ਪੰਚਾਇਤਾਂ, 260 ਤਾਲੁਕਾ ਪੰਚਾਇਤਾਂ ਅਤੇ 84 ਨਗਰਪਾਲਿਕਾਵਾਂ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

