ਦਿੱਲੀ ‘ਚ ਰੂਹ ਕੰਬਾਊ ਵਾਰਦਾਤ: ਇਨਕਮ ਟੈਕਸ ਅਫ਼ਸਰ ਦੀ ਧੀ ਦਾ ਜਬਰ ਜਨਾਹ ਤੋਂ ਬਾਅਦ ਕਤਲ, ਸਾਬਕਾ ਨੌਕਰ ਗ੍ਰਿਫ਼ਤਾਰ

Global Team
2 Min Read

ਨਵੀਂ ਦਿੱਲੀ: ਦਿੱਲੀ ਦੇ ਪੌਸ਼ ਇਲਾਕੇ ਕੈਲਾਸ਼ ਹਿਲਜ਼ ਵਿੱਚ ਬੁੱਧਵਾਰ ਸਵੇਰੇ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਮਦਨ ਕਰ ਵਿਭਾਗ (Income Tax) ਦੇ ਇੱਕ ਸੀਨੀਅਰ ਅਧਿਕਾਰੀ ਦੀ 22 ਸਾਲਾ ਧੀ ਦੀ ਉਸ ਦੇ ਘਰ ਵਿੱਚ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਰਾਜਸਥਾਨ ਦੇ ਰਹਿਣ ਵਾਲੇ 19 ਸਾਲਾ ਰਾਹੁਲ ਮੀਣਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਹਿਲਾਂ ਇਸੇ ਘਰ ਵਿੱਚ ਨੌਕਰ ਵਜੋਂ ਕੰਮ ਕਰਦਾ ਸੀ।

ਵਾਰਦਾਤ ਦਾ ਖ਼ੌਫ਼ਨਾਕ ਮੰਜ਼ਰ

ਪੁਲਿਸ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਲੜਕੀ ਘਰ ਵਿੱਚ ਇਕੱਲੀ ਸੀ ਅਤੇ ਉਸ ਦੇ ਮਾਤਾ-ਪਿਤਾ ਜਿਮ ਗਏ ਹੋਏ ਸਨ। ਮੁਲਜ਼ਮ ਰਾਹੁਲ ਸਵੇਰੇ ਕਰੀਬ 6:30 ਵਜੇ ਘਰ ਵਿੱਚ ਦਾਖਲ ਹੋਇਆ। ਉਸ ਨੇ ਲੜਕੀ ਨਾਲ ਕਥਿਤ ਤੌਰ ‘ਤੇ ਜਬਰ-ਜ਼ਨਾਹ ਕੀਤਾ ਅਤੇ ਫਿਰ ਮੋਬਾਈਲ ਚਾਰਜਿੰਗ ਕੇਬਲ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਘਰ ਵਿੱਚੋਂ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ।

CCTV ਅਤੇ ਪੁਰਾਣੀ ਰੰਜਿਸ਼

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਾਹੁਲ ਨੂੰ 6 ਹਫ਼ਤੇ ਪਹਿਲਾਂ ਪੈਸਿਆਂ ਦੀ ਹੇਰਾਫੇਰੀ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਹ ਪਰਿਵਾਰ ਦੀ ਦਿਨਚਰਿਆ ਅਤੇ ਘਰ ਦੇ ਨਕਸ਼ੇ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਉਸ ਨੂੰ ਪਤਾ ਸੀ ਕਿ ਨੌਕਰਾਂ ਲਈ ਚਾਬੀ ਕਿੱਥੇ ਰੱਖੀ ਜਾਂਦੀ ਹੈ। ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਸਵੇਰੇ 6:30 ਵਜੇ ਅੰਦਰ ਜਾਂਦਾ ਅਤੇ 7:15 ਵਜੇ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ।

ਦਿੱਲੀ ਪੁਲਿਸ ਦੀ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਰਾਹੁਲ ਨੇ 21 ਅਪ੍ਰੈਲ ਦੀ ਰਾਤ ਨੂੰ ਰਾਜਸਥਾਨ ਦੇ ਅਲਵਰ (ਰਾਜਗੜ੍ਹ ਥਾਣਾ ਖੇਤਰ) ਵਿੱਚ ਵੀ ਇੱਕ ਵਿਆਹੁਤਾ ਨਾਲ ਬਲਾਤਕਾਰ ਕੀਤਾ ਸੀ। ਪੀੜਤਾ ਨੇ ਦੱਸਿਆ ਕਿ ਰਾਹੁਲ ਉਸ ਦੇ ਪਤੀ ਨੂੰ ਮੋਟਰਸਾਈਕਲ ‘ਤੇ ਕਿਸੇ ਸਮਾਗਮ ਵਿੱਚ ਛੱਡ ਕੇ ਆਇਆ ਸੀ ਅਤੇ ਪਿੱਛੋਂ ਘਰ ਵਿੱਚ ਵੜ ਕੇ ਇਸ ਘਟੀਆ ਕਰਤੂਤ ਨੂੰ ਅੰਜਾਮ ਦਿੱਤਾ।

ਦਿੱਲੀ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Share This Article
Leave a Comment