ਬੇਰੂਤ : ਅਮਰੀਕਾ ਦੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਲੇਬਨਾਨ ਵਿਚ ਜੰਗਬੰਦੀ ਤੋਂ ਬਾਅਦ ਬੇਰੂਤ ਸਮੇਤ ਕਈ ਇਲਾਕਿਆਂ ਵਿਚ ਸ਼ਾਂਤੀ ਬਣੀ ਹੋਈ ਹੈ। ਦੋਵੇਂ ਦੇਸ਼ ਫਿਲਹਾਲ 10 ਦਿਨਾਂ ਦੀ ਜੰਗਬੰਦੀ ‘ਤੇ ਸਹਿਮਤ ਹੋਏ ਹਨ। ਹਾਲਾਂਕਿ ਜੰਗਬੰਦੀ ਨੂੰ ਸਿਰਫ਼ 10 ਦਿਨ ਹੀ ਹੋਏ ਹਨ, ਪਰ ਹਜ਼ਾਰਾਂ ਬੇਘਰ ਹੋਏ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ।ਹੁਣ ਹਾਲਾਤ ਇਹ ਹਨ ਕਿ ਵੱਡੀ ਗਿਣਤੀ ਵਿੱਚ ਉਜਾੜੇ ਗਏ ਪਰਿਵਾਰਾਂ ਨੇ ਘਰ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ।
ਸ਼ੁੱਕਰਵਾਰ ਸਵੇਰੇ ਦੱਖਣ ਵੱਲ ਜਾਣ ਵਾਲੀ ਸੜਕ ‘ਤੇ ਕਾਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ ਹਨ। ਕਾਰਾਂ ਦੀ ਇਹ ਕਤਾਰ ਲਿਤਾਨੀ ਨਦੀ ‘ਤੇ ਨੁਕਸਾਨੇ ਗਏ ਕਾਸਮਿਯਾਹ ਪੁਲ ਤੱਕ ਵਧ ਗਈ ਹੈ। ਇਹ ਪੁਲ ਦੱਖਣੀ ਤੱਟੀ ਸ਼ਹਿਰ ਟੇਇਰ ਨੂੰ ਉੱਤਰ ਵੱਲ ਜੋੜਨ ਵਾਲਾ ਇੱਕ ਮਹੱਤਵਪੂਰਨ ਰਸਤਾ ਹੈ। ਘਰੇਲੂ ਸਾਮਾਨ ਨਾਲ ਲੱਦੀਆਂ ਗੱਡੀਆਂ ਹੌਲੀ-ਹੌਲੀ ਅੱਗੇ ਵਧਦੀਆਂ ਦੇਖੀਆਂ ਗਈਆਂ ਹਨ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗ ਕਾਰਨ ਲੇਬਨਾਨ ਵਿੱਚ 10 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਸਨ।
ਲੇਬਨਾਨੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਲੋਕ ਜੰਗਬੰਦੀ ਤੋਂ ਤੁਰੰਤ ਬਾਅਦ ਆਪਣੇ ਘਰਾਂ ਨੂੰ ਪਰਤਣ ਦੀ ਕੋਸ਼ਿਸ਼ ਨਾ ਕਰਨ। ਅਧਿਕਾਰੀਆਂ ਦੀ ਇਸ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ, ਜੰਗਬੰਦੀ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਵੱਡੀ ਗਿਣਤੀ ਵਿੱਚ ਲੋਕ ਦੱਖਣੀ ਲੇਬਨਾਨ ਵੱਲ ਵਧਣੇ ਸ਼ੁਰੂ ਹੋ ਗਏ। ਜਦੋਂ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਤਬਾਹ ਹੋਏ ਅਪਾਰਟਮੈਂਟ, ਟੁੱਟੀਆਂ ਸੜਕਾਂ ਅਤੇ ਲਟਕਦੀਆਂ ਤਾਰਾਂ ਦੇਖੀਆਂ ਹਨ।
ਅਜਿਹੇ ‘ਚ 23 ਸਾਲਾ ਜ਼ੈਨਬ ਨੇ ਕਿਹਾ, “ਵਾਪਸ ਆ ਕੇ ਮੈਂ ਆਜ਼ਾਦ ਮਹਿਸੂਸ ਕਰਦੀ ਹਾਂ। ਪਰ ਦੇਖੋ, ਉਨ੍ਹਾਂ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਚੌਕ, ਘਰ, ਦੁਕਾਨਾਂ, ਸਭ ਕੁਝ।” ਬਹੁਤ ਸਾਰੇ ਲੋਕ ਵਿਸ਼ਵਾਸ ਨਹੀਂ ਕਰ ਸਕਦੇ ਸਨ ਕਿ ਉਨ੍ਹਾਂ ਦਾ ਮੁਸ਼ਕਲ ਦੌਰ ਸੱਚਮੁੱਚ ਖਤਮ ਹੋ ਗਿਆ ਹੈ। 27 ਸਾਲਾ ਮੈਡੀਕਲ ਵਰਕਰ ਅਲੀ ਵਾਹਦਾਨ ਨੇ ਕਿਹਾ ਕਿ ਇਜ਼ਰਾਈਲ ਸ਼ਾਂਤੀ ਨਹੀਂ ਚਾਹੁੰਦਾ ਹੈ। ਜੰਗ ਦੇ ਪਹਿਲੇ ਹਫ਼ਤੇ ਦੌਰਾਨ ਇਜ਼ਰਾਈਲੀ ਹਵਾਈ ਹਮਲੇ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਕਿਹਾ, “ਕਾਸ਼ ਹਾਲਾਤ ਵੱਖਰੇ ਹੁੰਦੇ, ਪਰ ਇਹ ਜੰਗ ਜਾਰੀ ਰਹੇਗੀ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

