ਪਾਕਿਸਤਾਨ : ਮਿਡਲ ਈਸਟ ਜੰਗ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਅਹਿਮ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ। ਰਿਪੋਰਟਾਂ ਮੁਤਾਬਕ, ਦੋਵਾਂ ਵਿਚਾਲੇ ਹੋਰਮੁਜ਼ ਸਟ੍ਰੇਟ ਖੋਲ੍ਹਣ ਅਤੇ ਪ੍ਰਮਾਣੂ ਪ੍ਰੋਗਰਾਮ ਦੇ ਮੁੱਦੇ ‘ਤੇ ਪੇਚ ਫਸ ਗਿਆ।
ਵੈਂਸ ਹੁਣ ਆਪਣੀ ਟੀਮ ਦੇ ਨਾਲ ਅਮਰੀਕਾ ਲਈ ਰਵਾਨਾ ਹੋ ਗਏ ਹਨ। ਦੇਸ਼ ਪਰਤਣ ਤੋਂ ਪਹਿਲਾਂ ਵੈਂਸ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਬਿਨਾਂ ਕਿਸੇ ਡੀਲ ਦੇ ਹੀ ਵਾਪਸ ਜਾ ਰਿਹਾ ਹੈ। ਸਮਝੌਤਾ ਨਾ ਹੋਣਾ ਅਮਰੀਕਾ ਨਾਲੋਂ ਈਰਾਨ ਲਈ ਜ਼ਿਆਦਾ ਬੁਰੀ ਖ਼ਬਰ ਹੈ।
ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ 21 ਘੰਟੇ ਚੱਲੀ ਲੰਬੀ ਗੱਲਬਾਤ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਜੇਡੀ ਵੈਂਸ ਨੇ ਕਿਹਾ ਕਿ ਅਮਰੀਕਾ ਦੀ ਸਭ ਤੋਂ ਵੱਡੀ ਮੰਗ ਇਹ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਬਣਾਉਣ ਜਾਂ ਉਸ ਨਾਲ ਜੁੜੇ ਕਿਸੇ ਵੀ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਛੱਡਣ ਦੀ ਸਪਸ਼ਟ ਅਤੇ ਠੋਸ ਵਚਨਬੱਧਤਾ ਦੇਵੇ।
ਪਰ ਈਰਾਨ ਇਸ ਮੁੱਦੇ ‘ਤੇ ਤਿਆਰ ਨਹੀਂ ਹੋਇਆ। ਜੇਡੀ ਵੈਂਸ ਨੇ ਕਿਹਾ- ‘ਸਾਨੂੰ ਇਸ ਗੱਲ ਦੀ ਪੱਕੀ ਗਾਰੰਟੀ ਚਾਹੀਦੀ ਹੈ ਕਿ ਈਰਾਨ ਨਾ ਤਾਂ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰੇਗਾ, ਅਤੇ ਨਾ ਹੀ ਅਜਿਹੇ ਸਾਧਨ ਜੁਟਾਏਗਾ ਜਿਨ੍ਹਾਂ ਦੀ ਮਦਦ ਨਾਲ ਉਹ ਤੇਜ਼ੀ ਨਾਲ ਅਜਿਹਾ ਕਰ ਸਕੇ। ਅਸੀਂ ਬਿਨਾਂ ਕਿਸੇ ਸਮਝੌਤੇ ‘ਤੇ ਪਹੁੰਚੇ ਹੀ ਅਮਰੀਕਾ ਵਾਪਸ ਜਾ ਰਹੇ ਹਾਂ।’
ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਗੱਲਬਾਤ ਵਿੱਚ ਵਿਚੋਲਗੀ ਕਰ ਰਿਹਾ ਸੀ । ਅਮਰੀਕੀ ਵਫ਼ਦ ਵਿੱਚ ਉਪ ਰਾਸ਼ਟਰਪਤੀ ਜੇਡੀ ਵੈਂਸ, ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਪ ਅਤੇ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਸ਼ਾਮਲ ਸਨ। ਈਰਾਨ ਦੇ ਵਫ਼ਦ ਵਿੱਚ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾ, ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਸੀਨੀਅਰ ਡਿਪਲੋਮੈਟ ਅਲੀ ਬਾਘੇਰੀ ਕਾਨੀ ਸ਼ਾਮਲ ਸਨ।
ਈਰਾਨ ਅਤੇ ਅਮਰੀਕਾ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਕਾਰਨ ਹੁਣ ਪੂਰੀ ਦੁਨੀਆ ਲਈ ਊਰਜਾ ਦਾ ਸਰੋਤ ਮੰਨੇ ਜਾਣ ਵਾਲੇ ਮਿਡਲ ਈਸਟ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ਬਾਰੇ ਕੋਈ ਪੱਕੀ ਗੱਲ ਨਾ ਹੋਣ ਕਰਕੇ, ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ‘ਤੇ ਰੋਕ ਜਾਰੀ ਰਹੇਗੀ।

