ਨਵੀ ਦਿੱਲੀ : ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ ਲਈ 9 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਬਾਅਦ 4 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਆਉਣਗੇ। ਇਸ ਵਿਚਾਲੇ ਹੀ ਖਬਰ ਸਾਹਮਣੇ ਆਈ ਹੈ ਕਿ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਕਾਫ਼ਲੇ ‘ਤੇ ਹਮਲਾ ਹੋਇਆ ਹੈ।
ਉਹ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ ਕਾਂਗਰਸੀ ਉਮੀਦਵਾਰ ਦੇ ਪ੍ਰਚਾਰ ਲਈ ਗਏ ਸਨ। ਪਰ ਉੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਮੌਜੂਦ ਗੰਨਮੈਨ ਨਾਲ ਹੱਥੋਪਾਈ ਵੀ ਹੋਈ। ਇਹ ਘਟਨਾ ਸ਼ੁੱਕਰਵਾਰ ਸ਼ਾਮ 7.30 ਵਜੇ ਦੇ ਕਰੀਬ ਮੱਲਾਪੁਰਮ ਦੇ ਵੰਦੁਰ ਵਿਖੇ ਵਾਪਰੀ। ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਸ਼ਸ਼ੀ ਥਰੂਰ ਯੂ.ਡੀ.ਐੱਫ. ਉਮੀਦਵਾਰ ਏ.ਪੀ. ਅਨਿਲ ਕੁਮਾਰ ਲਈ ਪ੍ਰਚਾਰ ਕਰਨ ਮਲੱਪੁਰਮ ਪਹੁੰਚੇ ਸਨ। ਉੱਥੇ ਉਨ੍ਹਾਂ ਦੇ ਕਾਫ਼ਲੇ ਨੂੰ ਕੁਝ ਅਣਪਛਾਤੇ ਲੋਕਾਂ ਨੇ ਰੋਕ ਲਿਆ ਸੀ। ਚਸ਼ਮਦੀਦਾਂ ਮੁਤਾਬਕ ਇੱਕ ਗੱਡੀ ਵਿੱਚੋਂ ਕੁਝ ਲੋਕ ਉਤਰੇ ਅਤੇ ਉਨ੍ਹਾਂ ਨੇ ਥਰੂਰ ਦੇ ਕਾਫ਼ਲੇ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਜ਼ੋਰ-ਜ਼ੋਰ ਨਾਲ ਥਰੂਰ ਦੀ ਗੱਡੀ ਦੇ ਸ਼ੀਸ਼ਿਆਂ ‘ਤੇ ਮਾਰਨਾ ਸ਼ੁਰੂ ਕਰ ਦਿੱਤਾ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਸ਼ੀ ਥਰੂਰ ਦਾ ਗੰਨਮੈਨ ਤੁਰੰਤ ਗੱਡੀ ਤੋਂ ਬਾਹਰ ਨਿਕਲਿਆ ਅਤੇ ਉਸਨੇ ਉਨ੍ਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸੇ ਕੋਸ਼ਿਸ਼ ਦੌਰਾਨ ਹੱਥੋਪਾਈ ਸ਼ੁਰੂ ਹੋ ਗਈ । ਇਸ ਨੂੰ ਸ਼ਸ਼ੀ ਥਰੂਰ ਦੀ ਸੁਰੱਖਿਆ ਵਿੱਚ ਇੱਕ ਗੰਭੀਰ ਚੂਕ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਹਾਦਸੇ ਨੂੰ ਲੈ ਕੇ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਕੱਲ੍ਹ ਰਾਤ ਹੋਈ ਉਸ ਮੰਦਭਾਗੀ ਘਟਨਾ ਨੂੰ ਲੈ ਕੇ ਚਿੰਤਾ ਜਤਾਈ। ਮੇਰਾ ਗੰਨਮੈਨ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਤੁਸੀਂ ਸਾਰੇ ਦੋਸਤਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ।

