ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ; ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ ਬਜਟ; ਔਰਤਾਂ ਲਈ ਹੋਵੇਗਾ ਵੱਡਾ ਐਲਾਨ!

Global Team
2 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸਵੇਰ ਦੇ ਪ੍ਰਸ਼ਨ ਕਾਲ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਸਰਕਾਰ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ।ਵਿੱਤ ਮੰਤਰੀ ਹਰਪਾਲ ਚੀਮਾ ਅੱਜ ਵਿਧਾਨ ਸਭਾ ਵਿੱਚ 2.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕਰਨਗੇ। ਬਜਟ ਪੇਸ਼ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਮਾਂ ਦਾ ਆਸ਼ੀਰਵਾਦ ਲਿਆ ਅਤੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਸਮਾਜ ਸੁਧਾਰਕ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।

ਦੱਸ ਦਈਏ ਪੰਜਾਬ ਵਿੱਚ ਅਗਲੇ ਸਾਲ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਸਬੰਧ ਵਿੱਚ ‘ਆਪ’ ਸਰਕਾਰ ਆਪਣੇ ਅੰਤਿਮ ਬਜਟ ਵਿੱਚ ਔਰਤਾਂ ਨਾਲ ਕੀਤੇ 2022 ਦੇ ਚੋਣ ਵਾਅਦੇ ਨੂੰ ਪੂਰਾ ਕਰੇਗੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਫੁਲਕਾਰੀ ਡਿਜ਼ਾਈਨ ਵਾਲੀ ਬਜਟ ਕਾਪੀ ਲੈ ਕੇ ਸਦਨ ਵਿੱਚ ਪ੍ਰਵੇਸ਼ ਕੀਤਾ। ਇਸ ਬਜਟ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸਰਕਾਰ ਦੀਆਂ ਨੀਤੀਆਂ ਅਤੇ ਚੋਣ ਵਾਅਦਿਆਂ ਦਾ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।

ਖ਼ਾਸ ਤੌਰ ‘ਤੇ ਔਰਤਾਂ ਲਈ ਇਸ ਬਜਟ ਵਿੱਚ ਇੱਕ ਅਹਿਮ ਉਪਬੰਧ ਰੱਖਿਆ ਗਿਆ ਹੈ। AAP ਸਰਕਾਰ ਆਪਣੇ 2022 ਦੇ ਚੋਣ ਵਾਅਦੇ ਅਨੁਸਾਰ ਹਰ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦੀ ਯੋਜਨਾ ਲਈ ਵਿੱਤੀ ਫੰਡ ਜਾਰੀ ਕਰੇਗੀ। ਸੀਐਮ ਮਾਨ ਨੇ ਕਿਹਾ ਕਿ “ਬਜਟ ਵਿੱਚ ਪੰਜਾਬ ਦੀ ਹਰ ਮਹਿਲਾ ਲਈ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ। ਇਹ ਬਜਟ ਸਾਡੀਆਂ ਧੀਆਂ-ਭੈਣਾਂ ਅਤੇ ਮਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਹਨਾਂ ਦੇ ਚਿਹਰਿਆਂ ‘ਤੇ ਖੁਸ਼ੀ ਵੀ ਲਿਆਏਗਾ।”

ਇਸ ਤੋਂ ਇਲਾਵਾ ਬਜਟ ਵਿੱਚ ਨੌਜਵਾਨਾਂ ਲਈ ਵੀ ਵਿਸ਼ੇਸ਼ ਐਲਾਨ ਹੋ ਸਕਦੇ ਹਨ। ਸਰਕਾਰ 22 ਹਜ਼ਾਰ ਸਰਕਾਰੀ ਨੌਕਰੀਆਂ ਦਾ ਐਲਾਨ ਕਰ ਸਕਦੀ ਹੈ। ਇਸ ਵਿੱਚ 17 ਹਜ਼ਾਰ ਨਵੇਂ ਅਹੁਦਿਆਂ ‘ਤੇ ਭਰਤੀ ਦੀ ਯੋਜਨਾ ਬਾਰੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਪਹਿਲਾਂ ਹੀ ਦੱਸ ਚੁੱਕੇ ਹਨ। ਇਨ੍ਹਾਂ ਅਹੁਦਿਆਂ ਵਿੱਚ ਦਿਵਿਆਂਗ (ਅਪਾਹਜ) ਕੋਟੇ ਲਈ ਰਾਖਵਾਂਕਰਨ ਵੀ ਸ਼ਾਮਲ ਹੋਵੇਗਾ।

 

 

Share This Article
Leave a Comment