ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਫਰਵਰੀ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ‘ਇੰਡੀਆ AI ਇਮਪੈਕਟ ਸਮਿਟ 2026’ ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀਆਂ ਬੈਠਕਾਂ ਵੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੰਡੀਆ ਏਆਈ ਇਮਪੈਕਟ ਸਮਿਟ 2026 ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਸੰਯੁਕਤ ਰਾਸ਼ਟਰ (ਯੂਐਨ) ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ, ਅਤੇ ਕਈ ਰਾਜ ਮੁਖੀ ਅਤੇ AI ਲੀਡਰ ਸ਼ਾਮਿਲ ਹੋਣਗੇ। ਇਹ ਸੰਮੇਲਨ ਭਾਰਤ ਦੀ ਏਆਈ ਨੀਤੀ, ਵਿਸ਼ਵਵਿਆਪੀ ਸਹਿਯੋਗ ਅਤੇ ਨਿਵੇਸ਼ ਆਕਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰ ਸਕਦਾ ਹੈ।
ਇਸ ਸਮਾਗਮ ‘ਚ 110 ਤੋਂ ਵੱਧ ਦੇਸ਼, 20 ਤੋਂ ਵੱਧ ਦੇਸ਼ਾਂ ਦੇ ਮੁਖੀ, 30 ਅੰਤਰਰਾਸ਼ਟਰੀ ਸੰਗਠਨ, ਅਤੇ 500+ ਗਲੋਬਲ ਏਆਈ ਨੇਤਾ ਹਿੱਸਾ ਲੈ ਰਹੇ ਹਨ। ਇਸ ਸੰਮੇਲਨ ਵਿੱਚ ਲਗਭਗ 100 ਸੀਈਓ ਅਤੇ ਸੰਸਥਾਪਕ, 150 ਅਕਾਦਮਿਕ ਅਤੇ ਖੋਜਕਰਤਾ, 400 ਸੀਟੀਓ ਅਤੇ ਵੀਪੀ, 100+ ਸਰਕਾਰੀ ਪ੍ਰਤੀਨਿਧੀ, ਅਤੇ ਲਗਭਗ 60 ਮੰਤਰੀ ਅਤੇ ਉਪ ਮੰਤਰੀ ਸ਼ਾਮਲ ਹੋਣਗੇ।
ਇਸਤੋਂ ਪਹਿਲਾਂ ਬੁੱਧਵਾਰ ਨੂੰ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਭਾਰਤ ਵਿੱਚ ਏਆਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਅਤੇ ਗੂਗਲ ਸਾਡੇ ਨੌਜਵਾਨਾਂ ਨਾਲ ਕਿਵੇਂ ਕੰਮ ਕਰ ਸਕਦਾ ਹੈ, ਇਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।”
ਦੱਸ ਦਈਏ ਕਿ ਇਸ ਸੰਮੇਲਨ ਦਾ ਵਿਸ਼ਾ “ਸਰਵਜਨ ਹਿਤਾਇਆ, ਸਰਵਜਨ ਸੁਖਾਇਆ” (ਸਭ ਦਾ ਕਲਿਆਣ, ਸਭ ਦਾ ਸੁੱਖ) ਦੇ ਰਾਸ਼ਟਰੀ ਦ੍ਰਿਸ਼ਟੀਕੋਣ ‘ਤੇ ਅਧਾਰਤ ਹੈ। ਪ੍ਰਧਾਨ ਮੰਤਰੀ 19 ਫਰਵਰੀ ਨੂੰ ਸਵੇਰੇ ਲਗਭਗ 9:40 ਵਜੇ ‘ਇੰਡੀਆ AI ਇਮਪੈਕਟ ਸਮਿਟ 2026’ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੇ ਨਾਲ ਫਰਾਂਸ ਦੇ ਰਾਸ਼ਟਰਪਤੀ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅਤੇ ਵਿਸ਼ਵ ਭਰ ਦੇ ਵੱਖ-ਵੱਖ ਚੋਟੀ ਦੇ ਉਦਯੋਗਪਤੀ ਵੀ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਉਹ ਹੋਰ ਨੇਤਾਵਾਂ ਦੇ ਨਾਲ ਸਵੇਰੇ ਲਗਭਗ 11 ਵਜੇ ‘ਇੰਡੀਆ AI ਇਮਪੈਕਟ ਐਕਸਪੋ 2026’ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇਸ ਤੋਂ ਬਾਅਦ ਦੁਪਹਿਰ ਲਗਭਗ 12 ਵਜੇ ਤੋਂ ਸ਼ੁਰੂ ਹੋਣ ਵਾਲੇ ਨੇਤਾਵਾਂ ਦੇ ਪੂਰਨ ਸੈਸ਼ਨ ਵਿੱਚ ਹਿੱਸਾ ਲੈਣਗੇ। ਇਸ ਵਿੱਚ ਰਾਸ਼ਟਰਾਧਿਅਕ, ਮੰਤਰੀ ਅਤੇ ਬਹੁ-ਪੱਖੀ ਸੰਸਥਾਵਾਂ ਦੇ ਸੀਨੀਅਰ ਪ੍ਰਤੀਨਿਧੀ ਇਕੱਠੇ ਮਿਲ ਕੇ AI ‘ਤੇ ਰਾਸ਼ਟਰੀ ਅਤੇ ਗਲੋਬਲ ਤਰਜੀਹਾਂ ਦੀ ਰੂਪਰੇਖਾ ਤਿਆਰ ਕਰਨਗੇ।

