ਗੁਰਦਾਸਪੁਰ: ਪੰਜਾਬੀ ਨੌਜਵਾਨ ਦੀ ਸਾਊਦੀ ਅਰਬ ‘ਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੇੜਲੇ ਪਿੰਡ ਨੱਥੂ ਖਹਿਰਾ ਦੇ ਨੌਜਵਾਨ ਦੀ ਸਾਊਦੀ ਅਰਬ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 36 ਸਾਲਾ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਦੋ ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਸਊਦੀ ਅਰਬ ਗਿਆ ਸੀ। ਉਸ ਦੇ ਦੇਹਾਂਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਮਨਦੀਪ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਸ ਦੇ ਪਿਤਾ ਬਲਦੇਵ ਸਿੰਘ ਅਤੇ ਭੈਣ-ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਮਨਦੀਪ ਨੂੰ ਸਊਦੀ ਅਰਬ ਭੇਜਿਆ ਸੀ। ਮਨਦੀਪ ਦੀ ਮੌਤ ਦੀ ਸੂਚਨਾ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪ੍ਰਵਾਸੀ ਭਾਰਤੀਆਂ ਨੂੰ ਮਨਦੀਪ ਦੀ ਮ੍ਰਿਤਕ ਦੇਹ ਭਾਰਤ ਲਿਆਉਣ ‘ਚ ਮਦਦ ਦੀ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਸਊਦੀ ਅਰਬ ਸਰਕਾਰ ਨੂੰ ਵੀ ਪੁੱਤਰ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਪਰਿਵਾਰ ਨੂੰ ਸਊਦੀ ਅਰਬ ਤੋਂ ਮਨਦੀਪ ਦੀ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਉਹ ਬਿਮਾਰ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ।
ਪਿੰਡ ਦੇ ਸਰਪੰਚ ਸਰਵਣ ਸਿੰਘ ਅਤੇ ਪਿੰਡ ਵਾਸੀਆਂ ਨੇ ਵੀ ਮਨਦੀਪ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਮਨਦੀਪ ਇੱਕ ਮਿਹਨਤੀ ਨੌਜਵਾਨ ਸੀ ਅਤੇ ਪੂਰੇ ਪਿੰਡ ਨੇ ਸਰਕਾਰਾਂ ਨੂੰ ਉਸ ਦੀ ਦੇਹ ਪੰਜਾਬ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

