ਨਵੀ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ADAG) ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ 40,000 ਕਰੋੜ ਰੁਪਏ ਦੇ ਬੈਂਕਿੰਗ ਅਤੇ ਕਾਰਪੋਰੇਟ ਧੋਖਾਧੜੀ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਇਹ ਟੀਮ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਤੋਂ ਬਾਅਦ ਬਣਾਈ ਗਈ ਹੈ, ਜਿਸ ਵਿੱਚ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਦੀ ਮੰਗ ਕੀਤੀ ਗਈ ਸੀ।
ਸੂਤਰਾਂ ਅਨੁਸਾਰ ਐਸਆਈਟੀ ਦੀ ਅਗਵਾਈ ਏਜੰਸੀ ਦੀ ਹੈੱਡਕੁਆਰਟਰ ਜਾਂਚ ਟੀਮ (HIU) ਦੇ ਇੱਕ ਵਧੀਕ ਡਾਇਰੈਕਟਰ-ਰੈਂਕ ਅਧਿਕਾਰੀ ਕਰਨਗੇ। ਟੀਮ ਵਿੱਚ ਲਗਭਗ ਅੱਧਾ ਦਰਜਨ ਹੋਰ ਤਜਰਬੇਕਾਰ ਅਧਿਕਾਰੀ ਸ਼ਾਮਲ ਹੋਣਗੇ। ਇਹ ਟੀਮ ਖਾਸ ਤੌਰ ‘ਤੇ ਫੰਡਾਂ ਦੀ ਦੁਰਵਰਤੋਂ ਅਤੇ ADAG ਸਮੂਹ ਕੰਪਨੀਆਂ ਨਾਲ ਜੁੜੇ ਸ਼ੱਕੀ ਵਿੱਤੀ ਲੈਣ-ਦੇਣ ਦੀ ਜਾਂਚ ਕਰੇਗੀ।
ਦੱਸ ਦਈਏ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਏਡੀਏਜੀ ਵਿਰੁੱਧ ਚੱਲ ਰਹੇ ਮਾਮਲਿਆਂ ਦੀ ਸਮੀਖਿਆ ਕਰਦੇ ਹੋਏ, ਈਡੀ ਨੂੰ ਇੱਕ ਐਸਆਈਟੀ ਬਣਾਉਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਾਂਚ ਨਿਰਪੱਖ, ਸੁਤੰਤਰ, ਤੁਰੰਤ ਅਤੇ ਗੈਰ-ਭੇਦਭਾਵਪੂਰਨ ਹੋਣੀ ਚਾਹੀਦੀ ਹੈ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਇਸ ਮਾਮਲੇ ਵਿੱਚ ਕਿਸੇ ਵੀ ਮਿਲੀਭੁਗਤ, ਸਾਜ਼ਿਸ਼ ਅਤੇ ਗਠਜੋੜ ਦੀ ਜਾਂਚ ਕਰਨ ਅਤੇ ਇਸਨੂੰ ਇਸਦੇ ਤਰਕਪੂਰਨ ਸਿੱਟੇ ‘ਤੇ ਪਹੁੰਚਾਉਣ ਲਈ ਵੀ ਕਿਹਾ।
ਈਡੀ ਪਿਛਲੇ ਸਾਲ ਤੋਂ ਅਨਿਲ ਅੰਬਾਨੀ ਅਤੇ ਉਨ੍ਹਾਂ ਦੇ ਏਡੀਏਜੀ ਗਰੁੱਪ ਆਫ਼ ਕੰਪਨੀਆਂ ਦੀ ਜਾਂਚ ਕਰ ਰਹੀ ਹੈ। ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਹੁਣ ਤੱਕ ਤਿੰਨ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟਾਂ (ਈਸੀਆਈਆਰ) ਦਾਇਰ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਏਜੰਸੀ ਨੇ ਹੁਣ ਤੱਕ ਸਮੂਹ ਨਾਲ ਸਬੰਧਤ ਲਗਭਗ ₹12,000 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ SIT ਆਉਣ ਵਾਲੇ ਦਿਨਾਂ ਵਿੱਚ ਵਾਧੂ ECIR ਦਾਇਰ ਕਰ ਸਕਦੀ ਹੈ। 66 ਸਾਲਾ ਅਨਿਲ ਅੰਬਾਨੀ ਤੋਂ ਪਿਛਲੇ ਸਾਲ ਉਨ੍ਹਾਂ ਦੀਆਂ ਕੰਪਨੀਆਂ ਨੂੰ ਬੈਂਕ ਕਰਜ਼ਿਆਂ ਨਾਲ ਸਬੰਧਤ ਬੇਨਿਯਮੀਆਂ ਬਾਰੇ ਵਿਆਪਕ ਪੁੱਛਗਿੱਛ ਕੀਤੀ ਗਈ ਸੀ। ਏਜੰਸੀ ਨੇ ਹਾਲ ਹੀ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਦੇ ਸਾਬਕਾ ਚੇਅਰਮੈਨ ਪੁਨੀਤ ਗਰਗ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਦੱਸ ਦਈਏ ਕਿ ਈਡੀ (ED) ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਸਨੇ ਰਿਲਾਇੰਸ ਅਨਿਲ ਅੰਬਾਨੀ ਸਮੂਹ ਦੀਆਂ ਵੱਖ-ਵੱਖ ਕੰਪਨੀਆਂ ਦੁਆਰਾ ਜਨਤਕ ਧਨ ਦੀ ਧੋਖਾਧੜੀ ਨਾਲ ਦੁਰਵਰਤੋਂ ਕਰਨ ਦਾ ਪਤਾ ਲਗਾਇਆ ਹੈ। ਇਹਨਾਂ ਕੰਪਨੀਆਂ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ, ਰਿਲਾਇੰਸ ਹੋਮ ਫਾਈਨਾਂਸ ਲਿਮਟਿਡ (RHFL), ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ (RCFL), ਰਿਲਾਇੰਸ ਇੰਫਰਾਸਟਰਕਚਰ ਲਿਮਟਿਡ (RIL) ਅਤੇ ਰਿਲਾਇੰਸ ਪਾਵਰ ਲਿਮਟਿਡ (RPL) ਸ਼ਾਮਲ ਹਨ। ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਨੇ ਹਮੇਸ਼ਾ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

