ਨਵੀ ਦਿੱਲੀ: ਬੀਤੀ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਇਸ ਦਿਲ ਦਹਿਲਾਉਣ ਵਾਲੀ ਫੁਟੇਜ ‘ਚ ਧਮਾਕਾ ਹੁੰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸੀਸੀਟੀਵੀ ਫੁਟੇਜ ਸ਼ਾਮ 6:51 ਵਜੇ ਦੀ ਹੈ। ਜਿਸ ‘ਚ ਲਾਲ ਸਿਗਨਲ ‘ਤੇ ਵਾਹਨਾਂ ਦੀ ਕਾਫੀ ਭੀੜ ਨਜ਼ਰ ਆ ਰਹੀ ਹੈ। ਉਸੇ ਵੇਲੇ, ਸਾਹਮਣੇ ਤੋਂ ਆ ਰਹੀ ਇੱਕ ਆਈ-20 ਕਾਰ ਵਿੱਚ ਅਚਾਨਕ ਧਮਾਕਾ ਹੋ ਜਾਂਦਾ ਹੈ ਅਤੇ ਕਾਰ ਅੱਗ ਦੇ ਗੋਲੇ ਵਿੱਚ ਬਦਲ ਜਾਂਦੀ ਹੈ। ਫੁਟੇਜ ਵਿੱਚ ਲਾਲ ਕਿਲ੍ਹੇ ਦੇ ਨੇੜੇ ਉਹ ਜਗ੍ਹਾ ਨਜ਼ਰ ਆ ਰਹੀ ਹੈ, ਜਿੱਥੇ ਇਹ ਘਟਨਾ ਵਾਪਰੀ ਸੀ। ਸਿਗਨਲ ‘ਤੇ ਧਮਾਕਾ ਹੋਣ ਨਾਲ ਕਈ ਕੈਮਰੇ ਵੀ ਚਕਨਾਚੂਰ ਹੋ ਗਏ।
ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਕਾਰ ਧਮਾਕੇ ਕਾਰਨ ਕਈ ਵਾਹਨ ਵੀ ਸੜ ਗਏ। ਘਟਨਾ ਵਾਲੀ ਥਾਂ ਤੋਂ ਲਗਭਗ 40 ਨਮੂਨੇ ਇਕੱਠੇ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਵੀ ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ। ਵੀਡੀਓਜ਼ ਵਿੱਚ ਧਮਾਕੇ ਤੋਂ ਬਾਅਦ ਮਚੀ ਹਫੜਾ-ਦਫੜੀ ਦਿਖਾਈ ਦਿੱਤੀ, ਲੋਕ ਘਬਰਾਹਟ ਵਿੱਚ ਇੱਧਰ-ਉੱਧਰ ਭੱਜਦੇ ਦਿਖਾਈ ਦਿੱਤੇ। ਫਿਲਹਾਲ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦਿੱਲੀ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ, ਲਾਲ ਕਿਲ੍ਹੇ ਦੇ ਨੇੜੇ ਧਮਾਕਾ ਹੋਣ ਵਾਲੀ ਕਾਰ ਵਿੱਚ ਅੱਤਵਾਦੀ ਡਾ. ਉਮਰ ਨਬੀ ਸਫ਼ਰ ਕਰ ਰਿਹਾ ਸੀ। ਇਹ ਕਾਰ ਹਰਿਆਣਾ ਨੰਬਰ ਦੀ ਸੀ।
ਦਿੱਲੀ ਸਰਕਾਰ ਨੇ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ ਕੀਤਾ ਹੈ। ਅਸਥਾਈ ਤੌਰ ‘ਤੇ ਅਪਾਹਜ ਲੋਕਾਂ ਨੂੰ 5 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀ ਹੋਏ ਵਿਅਕਤੀਆਂ ਨੂੰ 20,000 ਰੁਪਏ ਦਿੱਤੇ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

