ਡੀਆਈਜੀ ਭੁੱਲਰ ਕਾਂਡ: 50 ਅਫਸਰ ਸੀਬੀਆਈ ਰਾਡਾਰ ‘ਤੇ, IPS-IAS ਵੀ ਸ਼ਾਮਲ

Global Team
3 Min Read

ਚੰਡੀਗੜ੍ਹ: ਡੀਆਈਜੀ ਹਰਚਰਨ ਭੁੱਲਰ ਰਿਸ਼ਵਤ ਮਾਮਲੇ ‘ਚ ਪੰਜਾਬ ਦੇ 50 ਅਧਿਕਾਰੀ ਸੀਬੀਆਈ ਦੇ ਰਾਡਾਰ ‘ਤੇ ਆ ਗਏ ਹਨ। ਇਨ੍ਹਾਂ ਵਿੱਚ ਕਈ ਆਈਪੀਐੱਸ ਤੇ ਆਈਏਐੱਸ ਅਫਸਰ ਵੀ ਸ਼ਾਮਲ ਹਨ। ਸੀਬੀਆਈ ਨੇ ਇਨ੍ਹਾਂ ਦੀ ਲਿਸਟ ਤਿਆਰ ਕਰ ਲਈ ਹੈ। ਇਹ ਖੁਲਾਸਾ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਜਮ੍ਹਾਂ ਕੀਤੀ ਪ੍ਰੋਗਰੈੱਸ ਰਿਪੋਰਟ ਤੋਂ ਹੋਇਆ। ਇਹ ਅਫਸਰ ਡੀਆਈਜੀ ਨਾਲ ਫੜੇ ਗਏ ਦਲਾਲ ਕ੍ਰਿਸ਼ਨੂੰ ਸ਼ਾਰਦਾ ਨਾਲ ਜੁੜੇ ਹਨ।

ਸੀਬੀਆਈ ਨੇ ਦੱਸਿਆ ਕਿ ਕ੍ਰਿਸ਼ਨੂੰ ਪੰਜਾਬ ਵਿੱਚ ਫਿਕਸਰ ਨੈੱਟਵਰਕ ਚਲਾ ਰਿਹਾ ਸੀ ਟ੍ਰਾਂਸਫਰ-ਪੋਸਟਿੰਗ ਤੋਂ ਲੈ ਕੇ ਐੱਫਆਈਆਰ ਦਰਜ/ਰੱਦ ਕਰਵਾਉਣ ਤੱਕ ਦੇ ਖੇਡ ਵਿੱਚ ਸ਼ਾਮਲ। ਫਿਲਹਾਲ ਡੀਆਈਜੀ ਭੁੱਲਰ 5 ਦਿਨ ਤੇ ਕ੍ਰਿਸ਼ਨੂੰ 4 ਦਿਨ ਦੀ ਸੀਬੀਆਈ ਰਿਮਾਂਡ ‘ਤੇ ਹਨ। ਇਸ ਦੌਰਾਨ ਹੋਰ ਵੱਡੇ ਖੁਲਾਸੇ ਤੇ ਅਫਸਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ।

ਕ੍ਰਿਸ਼ਨੂੰ ਦੇ ਮੋਬਾਇਲ ਤੋਂ ਅਫਸਰਾਂ ਦੇ ਲਿੰਕ

ਪ੍ਰੋਗਰੈੱਸ ਰਿਪੋਰਟ ਮੁਤਾਬਕ ਕ੍ਰਿਸ਼ਨੂੰ ਦੇ ਮੋਬਾਇਲ ਤੇ ਇਲੈਕਟ੍ਰਾਨਿਕ ਡਿਵਾਈਸਾਂ ਖੰਗਾਲੀਆਂ ਗਈਆਂ। ਪਤਾ ਲੱਗਾ ਕਿ ਉਹ ਕਈ ਅਫਸਰਾਂ ਨਾਲ ਮਿਲ ਕੇ ਕੇਸਾਂ ਦੀ ਜਾਂਚ ਪ੍ਰਭਾਵਿਤ ਕਰਦਾ ਸੀ, ਟ੍ਰਾਂਸਫਰ-ਪੋਸਟਿੰਗ, ਆਰਮਜ਼ ਲਾਇਸੰਸ ਬਣਵਾਉਣਾ ਤੇ ਐੱਫਆਈਆਰ ਦਰਜ/ਰੱਦ ਕਰਵਾਉਣਾ ਕਰਦਾ ਸੀ।

ਕ੍ਰਿਸ਼ਨੂੰ ਦੀ ਪਤਨੀ ਦੇ ਖਾਤੇ ‘ਚ ਲੱਖਾਂ, ਸੋਨੇ ਦੇ ਗਹਿਣੇ ਵੀ ਮਿਲੇ

ਜਾਂਚ ਵਿੱਚ ਸਬੂਤ ਮਿਲੇ ਕਿ ਕ੍ਰਿਸ਼ਨੂੰ ਨੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਜਮ੍ਹਾਂ ਕੀਤੇ ਹਨ। ਉਸ ਤੇ ਪਤਨੀ ਹਨੀ ਸ਼ਾਰਦਾ ਦੇ ਨਾਂ ‘ਤੇ ਨਕਦੀ ਤੇ ਹੋਰ ਜਾਇਦਾਦਾਂ ਵੀ ਮਿਲੀਆਂ ਸਪੱਸ਼ਟ ਹੈ ਕਿ ਇਹ ਭ੍ਰਿਸ਼ਟਾਚਾਰ ਤੋਂ ਇਕੱਠੀ ਹੋਈ। ਇਹ ਕ੍ਰਿਸ਼ਨੂੰ ਦਾ ਇਕੱਲਾ ਕੰਮ ਨਹੀਂ, ਵੱਡੀ ਸਾਜ਼ਿਸ਼ ਹੈ।

ਭੁੱਲਰ ਤੋਂ ਪੁੱਛਗਿੱਛ ‘ਚ 14 ਅਫਸਰਾਂ ਦਾ ਪਤਾ

ਇਸ ਤੋਂ ਪਹਿਲਾਂ ਡੀਆਈਜੀ ਭੁੱਲਰ ਤੋਂ ਪੁੱਛਗਿੱਛ ਵਿੱਚ 14 ਅਫਸਰਾਂ ਦਾ ਪਤਾ ਲੱਗਾ ਸੀ, ਜੋ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੂਪਿੰਦਰ ਰਾਹੀਂ ਕਾਲਾ ਧਨ ਪ੍ਰਾਪਰਟੀ ਵਿੱਚ ਲਗਾਉਂਦੇ ਸਨ। ਇਨ੍ਹਾਂ ਵਿੱਚ 10 ਆਈਪੀਐੱਸ ਤੇ 4 ਆਈਏਐੱਸ ਹਨ। 8 ਆਈਪੀਐੱਸ ਅਜੇ ਵੀ ਵੱਡੇ ਅਹੁਦਿਆਂ ‘ਤੇ ਤਾਇਨਾਤ ਹਨ। ਸੀਬੀਆਈ ਇਨ੍ਹਾਂ ‘ਤੇ ਵੀ ਨਜ਼ਰ ਰੱਖ ਰਹੀ ਹੈ, ਖਾਸ ਕਰਕੇ ਪਰਿਵਾਰ/ਰਿਸ਼ਤੇਦਾਰਾਂ ਦੇ ਨਾਮ ‘ਤੇ ਰੀਅਲ ਐਸਟੇਟ ਇਨਵੈਸਟਮੈਂਟ ਖੰਗਾਲੇ ਜਾ ਰਹੇ ਹਨ।

ਸਾਬਕਾ ਡੀਆਈਜੀ ਭੁੱਲਰ ਹਾਈਕੋਰਟ ਜਾਣ ਦੀ ਤਿਆਰੀ ‘ਚ

ਸੀਬੀਆਈ ਵੱਲੋਂ ਦਰਜ ਆਮਦਨ ਤੋਂ ਵੱਧ ਜਾਇਦਾਦ ਕੇਸ ਵਿੱਚ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਜਲਦ ਪੰਜਾਬ-ਹਰਿਆਣਾ ਹਾਈਕੋਰਟ ਜਾ ਸਕਦੇ ਹਨ। ਕਰੀਬੀ ਸੂਤਰਾਂ ਮੁਤਾਬਕ ਉਹ ਵਕੀਲਾਂ ਨਾਲ ਚਰਚਾ ਕਰ ਰਹੇ ਹਨ। ਹਾਈਕੋਰਟ ਵਿੱਚ ਐੱਫਆਈਆਰ ਨੂੰ ਚੁਣੌਤੀ ਦੇ ਸਕਦੇ ਹਨ, ਦਲੀਲ ਹੋ ਸਕਦੀ ਹੈ ਕਿ ਸੀਬੀਆਈ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਸੀ।

Share This Article
Leave a Comment