ਪੀ.ਏ.ਯੂ. ਲਾਈਵ ਵਿੱਚ ਉਤਸ਼ਾਹ ਨਾਲ ਜੁੜੇ ਕਿਸਾਨਾਂ ਨੇ ਖੇਤੀ ਬਾਰੇ ਪੁੱਛੇ ਸਵਾਲ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ) : ਪੀ.ਏ.ਯੂ. ਲੁਧਿਆਣਾ ਵੱਲੋਂ ਹਰ ਹਫ਼ਤੇ ਫੇਸਬੁੱਕ ਲਾਈਵ ਤੇ ਖੇਤੀ ਮੁਸ਼ਕਿਲਾਂ ਸੰਬੰਧੀ ਕੀਤਾ ਜਾਣ ਵਾਲਾ ਪ੍ਰੋਗਰਾਮ ਕਿਸਾਨਾਂ ਦੇ ਮਨਾਂ ਉਪਰ ਛਾਪ ਛੱਡ ਰਿਹਾ ਹੈ । ਇਸ ਵਾਰ ਵੀ ਭਾਰੀ ਗਿਣਤੀ ਵਿੱਚ ਜੁੜੇ ਕਿਸਾਨਾਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਕੋਲੋਂ ਖੇਤੀ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਲਾਈਵ ਜਵਾਬ ਹਾਸਲ ਕੀਤੇ।

ਇਸ ਵਾਰ ਕਿਸਾਨਾਂ ਨੂੰ ਜੈਵਿਕ ਖੇਤੀ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦੇਣ ਲਈ ਪੀ.ਏ.ਯੂ. ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨੇ ਜੈਵਿਕ ਖੇਤੀ ਸੰਬੰਧੀ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਕਾਰਜਾਂ ਉਪਰ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਇਸ ਖੇਤੀ ਵਿਧੀ ਨਾਲ ਜੁੜ ਕੇ ਸਿਹਤਮੰਦ ਉਤਪਾਦ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਡਾ. ਔਲਖ ਨੇ ਇਸ ਖੇਤਰ ਵਿੱਚ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਜੰਗਲਾਤ ਮਾਹਿਰ ਡਾ. ਜੀ ਪੀ ਐਸ ਢਿੱਲੋਂ ਨੇ ਬਰਸਾਤ ਦੇ ਚਾਲੂ ਸੀਜ਼ਨ ਦੌਰਾਨ ਵੱਖ-ਵੱਖ ਕਿਸਮਾਂ ਦੇ ਬੂਟਿਆਂ ਨੂੰ ਲਾਉਣ ਦੀਆਂ ਵਿਧੀਆਂ ਬਾਰੇ ਗੱਲ ਕੀਤੀ । ਮੱਕੀ ਦੀ ਫ਼ਸਲ ਵਿੱਚ ਫਾਲ ਆਰਮੀਵਰਮ ਤੋਂ ਬਚਾਅ ਬਾਰੇ ਡਾ. ਜਵਾਲਾ ਜਿੰਦਲ ਨੇ ਵਿਸਥਾਰ ਨਾਲ ਕਿਸਾਨਾਂ ਨੂੰ ਸੁਝਾਅ ਦਿੱਤੇ। ਉਹਨਾਂ ਨੇ ਮੱਕੀ ਦੀ ਫ਼ਸਲ ਦੇ ਹੋਰ ਕੀੜਿਆਂ ਸੰਬੰਧੀ ਵੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਡਾ. ਜਗਜੀਤ ਸਿੰਘ ਲੋਰੇ ਨੇ ਸਾਉਣੀ ਦੀਆਂ ਫ਼ਸਲਾਂ ਦੇ ਪੌਦਾ ਰੋਗਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਅੰਤ ਵਿੱਚ ਅਪਰ ਨਿਰਦੇਸ਼ਕ ਸੰਚਾਰ ਡਾ. ਐਸ ਕੇ ਥਿੰਦ ਨੇ ਸਾਉਣੀ ਦੀਆਂ ਫ਼ਸਲਾਂ ਦੀ ਪੌਦ ਸੁਰੱਖਿਆ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਖੇਤੀ ਵਿੱਚ ਤਰੱਕੀ ਕਰਨ ਲਈ ਪੀ.ਏ.ਯੂ. ਦੇ ਸਾਹਿਤ ਨਾਲ ਜੁੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਬਾਰੇ ਹੋਰ ਵੇਰਵਾ ਦਿੰਦਿਆਂ ਡਾ. ਥਿੰਦ ਨੇ ਪੀ.ਏ.ਯੂ. ਦੇ ਮਾਸਿਕ ਰਸਾਲੇ ‘ਚੰਗੀ ਖੇਤੀ’ ਅਤੇ ਪ੍ਰੋਗਰੈਸਿਵ ਫਾਰਮਿੰਗ ਦੀ ਮੈਂਬਰਸ਼ਿਪ ਲਈ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂਬਰ ਬਣਨ ਲਈ ਸਲਾਨਾ ਚੰਦਾ 200 ਰੁਪਏ, ਪੰਜ ਸਾਲ ਲਈ 800 ਰੁਪਏ ਅਤੇ ਉਮਰ ਭਰ ਲਈ ਵਿਅਕਤੀਗਤ 3000 ਰੁਪਏ ਅਤੇ ਸੰਸਥਾਵਾਂ ਲਈ 5000 ਰੁਪਏ ਹੈ । ਇਸ ਬਾਰੇ ਆਨਲਾਈਨ ਪੈਸੇ ਜਮ੍ਹਾਂ ਕਰਾਉਣ ਲਈ ਬੈਂਕ ਆਫ ਬੜੌਦਾ ਦੇ ਖਾਤਾ ਨੰਬਰ 29380200000002, ਆਈ ਐਫ ਐਸ ਕੋਡ: 21R2੦P1”L”4 (ਬੀ ਏ ਆਰ ਬੀ ਜ਼ੀਰੋ ਪੀ ਏ ਯੂ ਐਲ ਯੂ ਡੀ) ਵਿੱਚ ਪੈਸੇ ਜਮ੍ਹਾ ਕਰਾਉਣ ਲਈ ਕਿਹਾ । ਉਹਨਾਂ ਕਿਹਾ ਕਿ ਆਨਲਾਈਨ ਪੈਸੇ ਜਮਾ ਕਰਾਉਣ ਤੋਂ ਬਾਅਦ ਰਸੀਦ 9888437011 ਤੇ ਵਟਸਐਪ ਕਰੋ ਜਾਂ businessmanager0pau.edu ਤੇ ਈਮੇਲ ਕਰੋ। ਪੀ.ਏ.ਯੂ. ਦੀਆਂ ਹੋਰ ਪ੍ਰਕਾਸ਼ਨਾਵਾਂ ਖਰੀਦਣ ਲਈ ਵੀ ਇਹੀ ਵਿਧੀ ਅਪਣਾਈ ਜਾ ਸਕਦੀ ਹੈ।

Share this Article
Leave a comment