ਟਰੰਪ ਦੀ ਜ਼ਿੱਦ ਕਾਰਨ ਅਮਰੀਕਾ ‘ਚ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ; ਜਾਣੋ ਕਿੰਨਾ ਨੁਕਸਾਨ ਹੋਇਆ?

Global Team
5 Min Read

ਵਾਸ਼ਿੰਗਟਨ: ਅਮਰੀਕਾ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਲੰਮੇ ਸਰਕਾਰੀ ਸ਼ਟਡਾਊਨ ਦਾ ਸਾਹਮਣਾ ਕਰ ਰਿਹਾ ਹੈ। ਇਹ ਸ਼ਟਡਾਊਨ 37ਵੇਂ ਦਿਨ ਵਿੱਚ ਪਹੁੰਚ ਗਿਆ ਹੈ, ਜਿਸ ਨਾਲ 2018-19 ਵਿੱਚ ਡੋਨਾਲਡ ਟਰੰਪ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਚੱਲੇ 35 ਦਿਨਾਂ ਦੇ ਸ਼ਟਡਾਊਨ ਦਾ ਰਿਕਾਰਡ ਟੁੱਟ ਗਿਆ ਹੈ।

ਉਸ ਵੇਲੇ ਵੀ ਕਾਰਨ ਟਰੰਪ ਦੀ ਜਿੱਦ ਸੀ, ਅਤੇ ਇਸ ਵਾਰ ਵੀ ਕਹਾਣੀ ਲਗਭਗ ਉਹੀ ਹੈ। ਸਿਰਫ਼ ਮੁੱਦਾ ਬਦਲ ਗਿਆ ਹੈ। ਆਓ ਜਾਣੀਏ ਇਨ੍ਹਾਂ 37 ਦਿਨਾਂ ਵਿੱਚ ਸਰਕਾਰੀ ਕੰਮ ਠੱਪ ਹੋਣ ਨਾਲ ਅਮਰੀਕਾ ਨੂੰ ਕਿੰਨਾ ਨੁਕਸਾਨ ਹੋਇਆ ਅਤੇ ਸਭ ਤੋਂ ਵੱਧ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ?

ਕਿਉਂ ਹੋਇਆ ਸ਼ਟਡਾਊਨ?

ਇਸ ਵਾਰ ਵਿਵਾਦ ਦੀ ਜੜ੍ਹ ਹੈ ਸਿਹਤ ਬੀਮਾ (Obamacare) ਨਾਲ ਜੁੜੀ ਟੈਕਸ ਕ੍ਰੈਡਿਟ ਸਕੀਮ ਦਾ ਵਿਸਥਾਰ। ਡੈਮੋਕ੍ਰੇਟਿਕ ਪਾਰਟੀ ਚਾਹੁੰਦੀ ਹੈ ਕਿ ਇਹ ਟੈਕਸ ਕ੍ਰੈਡਿਟ 2025 ਤੋਂ ਬਾਅਦ ਵੀ ਜਾਰੀ ਰਹਿਣ, ਤਾਂ ਜੋ ਲੱਖਾਂ ਅਮਰੀਕੀਆਂ ਨੂੰ ਸਸਤਾ ਹੈਲਥ ਇਨਸ਼ੋਰੈਂਸ ਮਿਲ ਸਕੇ। ਦੂਜੇ ਪਾਸੇ, ਟਰੰਪ ਦੀ ਅਗਵਾਈ ਵਾਲੀ ਰਿਪਬਲਿਕਨ ਪਾਰਟੀ ਇਸ ਵਿਸਥਾਰ ਦਾ ਵਿਰੋਧ ਕਰ ਰਹੀ ਹੈ। ਨਤੀਜਾ—ਸਰਕਾਰੀ ਬਜਟ ਪਾਸ ਨਹੀਂ ਹੋ ਸਕਿਆ ਅਤੇ 1 ਅਕਤੂਬਰ ਤੋਂ ਦੇਸ਼ ਸ਼ਟਡਾਊਨ ਵਿੱਚ ਚਲਾ ਗਿਆ।

14 ਵਾਰ ਕੋਸ਼ਿਸ਼, 14 ਵਾਰ ਫੇਲ੍ਹ

ਹੁਣ ਤੱਕ 14 ਵਾਰ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਹੋਈ, ਪਰ ਹਰ ਵਾਰ ਨਾਕਾਮੀ ਹੀ ਹੱਥ ਲੱਗੀ। ਸੀਨੇਟ ਵਿੱਚ ਬਿੱਲ ਪਾਸ ਕਰਨ ਲਈ 60 ਵੋਟਾਂ ਚਾਹੀਦੀਆਂ ਹਨ, ਜਦਕਿ ਰਿਪਬਲਿਕਨ ਕੋਲ ਸਿਰਫ਼ 53 ਸੀਟਾਂ ਹਨ। ਤਾਜ਼ਾ ਵੋਟਿੰਗ ਵਿੱਚ ਨਤੀਜਾ 54-44 ਰਿਹਾ, ਯਾਨੀ ਰਿਪਬਲਿਕਨ ਇੱਕ ਵੀ ਡੈਮੋਕ੍ਰੇਟ ਨੂੰ ਆਪਣੇ ਪੱਖ ਵਿੱਚ ਨਹੀਂ ਖਿੱਚ ਸਕੇ। ਸਪੀਕਰ ਮਾਈਕ ਜੌਹਨਸਨ ਨੇ ਪ੍ਰਤੀਨਿਧਿ ਸਭਾ ਨੂੰ ਸੈਸ਼ਨ ਤੋਂ ਬਾਹਰ ਰੱਖ ਕੇ ਦਬਾਅ ਹੋਰ ਵਧਾ ਦਿੱਤਾ ਹੈ। ਹੁਣ ਸਾਰਾ ਭਾਰ ਸੀਨੇਟ ਤੇ ਹੈ, ਜਿੱਥੇ ਗਤੀਰੋਧ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ।

ਆਰਥਿਕ ਝਟਕਾ: 7 ਅਰਬ ਡਾਲਰ ਦਾ ਨੁਕਸਾਨ

ਇੱਕ ਰਿਪੋਰਟ ਮੁਤਾਬਕ ਸ਼ਟਡਾਊਨ ਕਾਰਨ ਅਮਰੀਕੀ ਆਰਥਿਕਤਾ ਨੂੰ ਹੁਣ ਤੱਕ 7 ਅਰਬ ਡਾਲਰ ਦਾ ਘਾਟਾ ਪੈ ਚੁੱਕਿਆ ਹੈ। ਜੇਕਰ ਇਹ ਸੰਕਟ 6 ਹਫ਼ਤੇ ਤੱਕ ਚੱਲਿਆ ਤਾਂ ਨੁਕਸਾਨ 11 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਕਾਰਨ ਸਾਫ਼ ਹੈ—ਲੱਖਾਂ ਸਰਕਾਰੀ ਮੁਲਾਜ਼ਮ ਬਿਨਾਂ ਤਨਖਾਹ ਦੇ ਹਨ, ਖਰਚ ਘਟ ਗਿਆ ਹੈ ਅਤੇ ਖੁਰਾਕ ਸਹਾਇਤਾ ਯੋਜਨਾਵਾਂ ਠੱਪ ਹਨ।

4.2 ਕਰੋੜ ਲੋਕ ਭੁੱਖੇ ਰਹਿਣ ਦੇ ਕੰਢੇ ਤੇ

42 ਮਿਲੀਅਨ (4.2 ਕਰੋੜ) ਤੋਂ ਵੱਧ ਅਮਰੀਕੀ ਹਰ ਮਹੀਨੇ ਸਰਕਾਰ ਦੀ ਫੂਡ ਸਟੈਂਪ ਯੋਜਨਾ ਤੇ ਨਿਰਭਰ ਹਨ। ਪਰ 1 ਨਵੰਬਰ ਤੋਂ ਇਹ ਭੁਗਤਾਨ ਬੰਦ ਹੈ। ਦੋ ਫੈਡਰਲ ਅਦਾਲਤਾਂ ਨੇ ਹੁਕਮ ਦਿੱਤਾ ਕਿ ਟਰੰਪ ਪ੍ਰਸ਼ਾਸਨ $4.65 ਅਰਬ ਡਾਲਰ ਦੀ ਐਮਰਜੈਂਸੀ ਫੰਡ ਤੋਂ ਮਦਦ ਕਰੇ, ਪਰ ਨਵੰਬਰ ਲਈ ਕੁੱਲ $9 ਅਰਬ ਚਾਹੀਦੇ ਹਨ। ਯਾਨੀ ਅੱਧੀ ਲੋੜ ਵੀ ਪੂਰੀ ਨਹੀਂ ਹੋਈ।

ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇੱਕ ਦੇਸ਼ਭਗਤ ਨੇ $130 ਮਿਲੀਅਨ ਡਾਲਰ ਦਾਨ ਦਿੱਤੇ ਤਾਂ ਜੋ ਫੌਜ ਨੂੰ ਤਨਖਾਹ ਮਿਲ ਸਕੇ। ਬਾਅਦ ਵਿੱਚ ਨਿਊਯਾਰਕ ਟਾਈਮਜ਼ ਨੇ ਖੁਲਾਸਾ ਕੀਤਾ ਕਿ ਇਹ ਦਾਨ ਬੈਂਕਿੰਗ ਪਰਿਵਾਰ ਦੇ ਅਰਬਪਤੀ ਟਿਮੋਥੀ ਮੇਲਨ ਨੇ ਦਿੱਤਾ ਸੀ। ਪਰ ਇਹ ਰਕਮ 13 ਲੱਖ ਸਰਗਰਮ ਫੋਜੀਆਂ ਵਿੱਚ ਵੰਡੀ ਜਾਵੇ ਤਾਂ ਹਰ ਸੈਨਿਕ ਨੂੰ ਸਿਰਫ਼ $100 ਮਿਲਦੇ ਹਨ—ਬਹੁਤ ਘੱਟ ਰਾਹਤ।

ਹਵਾਈ ਟ੍ਰੈਫਿਕ ਕੰਟਰੋਲਰ 

ਸ਼ਟਡਾਊਨ ਦਾ ਅਸਰ ਹਵਾਬਾਜ਼ੀ ਖੇਤਰ ਤੇ ਵੀ ਸਾਫ਼ ਦਿਖ ਰਿਹਾ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ 31 ਅਕਤੂਬਰ ਤੋਂ 2 ਨਵੰਬਰ ਦਰਮਿਆਨ 16,700 ਤੋਂ ਵੱਧ ਉਡਾਣਾਂ ਲੇਟ ਹੋਈਆਂ ਅਤੇ 2,282 ਰੱਦ ਕਰਨੀਆਂ ਪਈਆਂ। ਕਾਰਨ—ਏਅਰ ਟ੍ਰੈਫਿਕ ਕੰਟਰੋਲਰਾਂ ਤੇ ਭਾਰੀ ਕੰਮ ਦਾ ਦਬਾਅ ਅਤੇ ਤਨਖਾਹ ਨਾ ਮਿਲਣਾ। ਨਿਊਯਾਰਕ ਏਅਰਪੋਰਟਾਂ ਤੇ 80% ਸਟਾਫ ਗੈਰਹਾਜ਼ਰ ਹੈ। FAA ਦੇ 30 ਮੁੱਖ ਏਅਰਪੋਰਟਾਂ ਵਿੱਚੋਂ ਅੱਧੇ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਦਰਜ ਕੀਤੀ ਗਈ।

6.7 ਲੱਖ ਕਰਮਚਾਰੀ ਘਰ ਬੈਠੇ, 7.3 ਲੱਖ ਬਿਨਾਂ ਤਨਖਾਹ ਕੰਮ ਤੇ

ਲਗਭਗ 6.7 ਲੱਖ ਫੈਡਰਲ ਕਰਮਚਾਰੀ ਘਰ ਬੈਠੇ ਹਨ, ਬਿਨਾਂ ਤਨਖਾਹ ਦੇ। ਜਦਕਿ 7.3 ਲੱਖ ਜ਼ਰੂਰੀ ਸੇਵਾਵਾਂ ਵਾਲੇ ਕਰਮਚਾਰੀ ਕੰਮ ਤੇ ਆ ਰਹੇ ਹਨ ਪਰ ਉਨ੍ਹਾਂ ਨੂੰ ਵੀ ਤਨਖਾਹ ਨਹੀਂ ਮਿਲ ਰਹੀ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਰੋਜ਼ਾਨਾ $400 ਮਿਲੀਅਨ ਦੀ ਬਚਤ ਹੋ ਰਹੀ ਹੈ, ਪਰ ਅਸਲ ਵਿੱਚ ਇਹ ਬਚਤ ਨਹੀਂ ਬਲਕਿ ਆਰਥਿਕ ਮੰਦੀ ਦਾ ਸੰਕੇਤ ਬਣ ਚੁੱਕੀ ਹੈ।

ਸ਼ਟਡਾਊਨ ਦਾ ਕੋਈ ਸਾਫ਼ ਅੰਤ ਨਜ਼ਰ ਨਹੀਂ ਆ ਰਿਹਾ। ਡੈਮੋਕ੍ਰੇਟਸ ਟੈਕਸ ਕ੍ਰੈਡਿਟ ਵਿਸਥਾਰ ਤੇ ਅੜੇ ਹਨ, ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਇਸ ਨੂੰ ਜੋ ਬਾਇਡਨ ਦੀ ਗਲਤੀ ਦੱਸ ਰਹੀ ਹੈ। ਇਸ ਸਿਆਸੀ ਖਿੱਚੋਤਾਣ ਵਿੱਚ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਆਮ ਅਮਰੀਕੀਆਂ ਨੂੰ ਹੋ ਰਿਹਾ ਹੈ ਜੋ ਹੁਣ ਨੌਕਰੀ, ਖਾਣੇ ਅਤੇ ਇਲਾਜ ਲਈ ਸਰਕਾਰ ਵੱਲ ਤੱਕ ਰਹੇ ਹਨ।

Share This Article
Leave a Comment